
‘ਜਥੇਦਾਰ’ ਨੇ ਭਾਜਪਾ ਦੀ ਤੁਲਨਾ ਵਿਦੇਸ਼ੀ ਅਤੇ ਮੁਗ਼ਲ ਹਾਕਮਾਂ ਨਾਲ ਕੀਤੀ
ਅੰਮ੍ਰਿਤਸਰ, 2 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਅਕਾਲ ਤਖ਼ਤ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੀ ਤੁਲਨਾ, ਵਿਦੇਸ਼ੀ ਤੇ ਮੁਗ਼ਲਾਂ ਨਾਲ ਕਰਦਿਆਂ ਕਿਹਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਕ ਸਾਜ਼ਸ਼ ਹੇਠ ਭਾਜਪਾ ਵਿਚ ਜਾਣ ਲਈ ਮਜਬੂਰ ਕੀਤਾ ਗਿਆ ਹੈ।
ਉਨ੍ਹਾਂ ਇਸ ਮਸਲੇ ’ਤੇ ਦਿੱਲੀ ਸਿੱਖ ਲੀਡਰਸ਼ਿਪ ਨੂੰ ਵੀ ਨਿਸ਼ਾਨੇ ’ਤੇ ਲਿਆ, ਜਿਨ੍ਹਾਂ ਦਲਬਦਲੀ ਲਈ ਜ਼ਮੀਨ ਤਿਆਰ ਕੀਤੀ ਪਰ ਉਹ ਵੀ ਇਕ ਦਿਨ ਪਛਤਾਉਣਗੇ । ‘ਜਥੇਦਾਰ’ ਨੇ ਇਕ ਮਿਸਾਲ ਦਿੰਦਿਆਂ ਕਿਹਾ ਕਿ ਭਾਰਤੀਆਂ ਨੂੰ ਕਰਮ ਜਾਂ ਧਰਮ ਚੁਣਨ ਲਈ ਕਿਹਾ, ਜਿਨ੍ਹਾਂ ਅਪਣੀ ਜ਼ਮੀਰ ਮੁਤਾਬਕ ਚੋਣ ਕੀਤੀ। ਉਪਰੰਤ ਜਦ ਮੁਗ਼ਲ ਬਾਦਸ਼ਾਹ ਆਏ ਤਾਂ ਉਨ੍ਹਾਂ ਧਰਮ ਜਾਂ ਜ਼ਿੰਦਗੀ ਚੁਣਨ ਲਈ ਹੁਕਮ ਦਿਤੇ, ਉਨ੍ਹਾਂ ਵਿਚੋਂ ਵੀ ਭਾਰਤੀਆਂ ਆਪੋ-ਅਪਣੀ ਸੋਚ ਮੁਤਾਬਕ ਫ਼ੈਸਲਾ ਲਿਆ। ਇਸੇ ਤਰ੍ਹਾਂ ਭਾਜਪਾ ਨੇ ਵੀ ਸਿਰਸਾ ਨੂੰ ਜੇਲ ਜਾਂ ਭਾਰਤੀ ਜਨਤਾ ਪਾਰਟੀ ਚੁਣਨ ਲਈ ਕਿਹਾ ਤਾਂ ਉਸ ਵਲੋਂ ਟਾਕਰਾ ਕਰਨ ਦੀ ਥਾਂ ਬੀ ਜੇ ਪੀ ਚੁਣ ਲਈ। ਉਨ੍ਹਾਂ ਸੰਕੇਤ ਦਿਤਾ ਕਿ ਇਹ ਭਾਜਪਾਈ ਇਕ ਦਿਨ ਦਿੱਲੀ ਕਮੇਟੀ ਤੇ ਵੀ ਕਾਬਜ਼ ਹੋ ਜਾਣਗੇ। ‘ਜਥੇਦਾਰ’ ਮੁਤਾਬਕ ਦਿੱਲੀ ਕਮੇਟੀ ਦਾ ਪ੍ਰਧਾਨ ਹੀ ਨਹੀਂ, 11 ਹੋਰ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਵੀ ਅਜਿਹਾ ਨਾਦਰਸ਼ਾਹੀ ਫ਼ੁਰਮਾਨ ਜਾਰੀ ਕਰ ਕੇ ਬੋਗਲ ਪਰਚੇ ਭਾਜਪਾ ਵਿਚ ਜਾਣ ਲਈ ਕਰਵਾਏ । ਮਨਜਿੰਦਰ ਸਿੰਘ ਸਿਰਸਾ ਨੇ ਵੀ ਉਨ੍ਹਾਂ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਤਾਂ ਮੈਨੂੰ ਲੱਗਾ ਕਿ ਸਿਰਸੇ ਨੂੰ ਜੇਲ ਜਾਂ ਬੀ ਜੇ ਪੀ ਵਿਚ ਸ਼ਾਮਲ ਹੋਣ ਜਾਣ ਲਈ ਭਾਜਪਾ ਨੇ ਅਜਿਹਾ ਕੀਤਾ ਹੋਵੇਗਾ। ਇਹ ਸਿਆਸੀ ਭੁੱਲ ਹੈ, ਜਿਸ ਲਈ ਸਿੱਖ ਲੀਡਰਸ਼ਿਪ ਨੂੰ ਬੜਾ ਪਛਤਾਉਣਾ ਹੋਵੇਗਾ।