
ਇੱਕ ਵਿਦੇਸ਼ੀ ਪਿਸਤੌਲ ਸਮੇਤ 4 ਪਿਸਟਲ ਅਤੇ 34 ਜ਼ਿੰਦਾ ਕਾਰਤੂਸ ਵੀ ਹੋਏ ਬਰਾਮਦ
ਰੋਪੜ (ਮਨਪ੍ਰੀਤ ਚਾਹਲ): ਪੰਜਾਬ ਨੂੰ ਅਪਰਾਧ ਮੁਕਤ ਬਣਾਉਣ ਲਈ ਪੰਜਾਬ ਪੁਲਿਸ ਵਲੋਂ ਮੁਹਿੰਮ ਵਿੱਢੀ ਗਈ ਹੈ ਜਿਸ ਤਹਿਤ ਲਗਾਤਾਰ ਸੂਬੇ ਦੇ ਵੱਖ ਵੱਖ ਇਲਾਕਿਆਂ ਵਿਚੋਂ ਅਪਰਾਧਿਕ ਗਤੀਵਿਧੀਆਂ ਅੰਜਾਮ ਦੇਣ ਵਾਲਿਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ।
ਇਸੇ ਤਹਿਤ ਹੀ ਹੁਣ ਰੋਪੜ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ।
ਸਥਾਨਕ ਪੁਲਿਸ ਵਲੋਂ ਗੈਂਗਸਟਰ ਪਵਿੱਤਰ ਸਿੰਘ ਦੇ ਸਾਥੀ ਨੂੰ ਕਾਬੂ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਆਈ.ਪੀ.ਐਸ. ਵਿਵੇਕਸ਼ੀਲ ਸੋਨੀ ਐਸਐਸਪੀ ਰੋਪੜ ਨੇ ਦੱਸਿਆ ਕਿ ਰੋਪੜ ਪੁਲਿਸ ਦੀ ਟੀਮ ਨੇ ਭਗੌੜੇ ਗੈਂਗਸਟਰ ਪਵਿੱਤਰ ਸਿੰਘ ਵਾਸੀ ਪਿੰਡ ਚੌੜਾ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੈਂਗਸਟਰ ਪਵਿੱਤਰ ਸਿੰਘ ਹਾਲ ਵਿਚ ਕੈਲੀਫੋਰਨੀਆ ਵਿਖੇ ਰਹਿ ਰਿਹਾ ਹੈ।
ਫੜੇ ਗਏ ਮੁਲਜ਼ਮ ਦੀ ਪਛਾਣ ਭਾਰਤ ਭੂਸ਼ਨ ਉਰਫ਼ ਪੰਮੀ ਪੁੱਤਰ ਅਸ਼ੋਕ ਕੁਮਾਰ ਵਾਸੀ ਵਾਰਡ ਨੰਬਰ 6 ਮੰਡੀ ਅਹਿਮਦਗੜ੍ਹ ਥਾਣਾ ਸਿਟੀ ਆਹਿਮਦਗੜ੍ਹ ਜ਼ਿਲ੍ਹਾ ਮਲੇਰਕੋਟਲਾ ਵਜੋਂ ਹੋਈ ਹੈ। ਉਕਤ ਕੋਲੋਂ 3 ਪਿਸਟਲ .32 ਬੋਰ, 1 ਇੰਪੋਰਟਡ ਪਿਸਟਲ ਸਮੇਤ 34 ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਭਾਰਤ ਭੂਸ਼ਨ ਖਿਲਾਫ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸਿਟੀ ਰੂਪਨਗਰ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਪਾਸੋਂ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਤਫਤੀਸ਼ ਜਾਰੀ ਹੈ।