
ਹੈਰੋਇਨ ਦੀ ਬਾਜ਼ਾਰੀ ਕੀਮਤ 50 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ
ਚੰਡੀਗੜ੍ਹ: ਪੰਜਾਬ 'ਚ ਭਾਰਤ-ਪਾਕਿ ਸਰਹੱਦ 'ਤੇ ਹਥਿਆਰਾਂ ਦੀ ਘੁਸਪੈਠ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਕ ਵਾਰ ਫਿਰ ਸਰਹੱਦ ਪਾਰ ਤੋਂ ਡਰੋਨ ਰਾਹੀਂ ਹਥਿਆਰਾਂ ਅਤੇ ਹੈਰੋਇਨ ਦੀ ਖੇਪ ਭੇਜੀ ਗਈ ਹੈ। ਬੀਐਸਐਫ ਯਾਨੀ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸ਼ਨੀਵਾਰ ਨੂੰ ਸਰਹੱਦ ਪਾਰ ਤੋਂ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜਣ ਦੀ ਨਾਪਾਕ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਕਰੋੜਾਂ ਦੀ ਹੈਰੋਇਨ ਸਮੇਤ ਹਥਿਆਰਾਂ ਦਾ ਭੰਡਾਰ ਬਰਾਮਦ ਕੀਤਾ। ਬੀਐਸਐਫ ਅਨੁਸਾਰ ਇਹ ਹਥਿਆਰ ਅਤੇ ਹੈਰੋਇਨ ਪਾਕਿਸਤਾਨ ਤੋਂ ਫਾਜ਼ਿਲਕਾ ਜ਼ਿਲ੍ਹੇ ਦੇ ਚੂੜੀਵਾਲਾ ਚੁਸਤੀ ਨੇੜੇ ਡਰੋਨ ਰਾਹੀਂ ਸੁੱਟੀ ਗਈ ਸੀ।
ਜਾਣਕਾਰੀ ਮੁਤਾਬਕ ਸਰਚ ਆਪਰੇਸ਼ਨ ਦੌਰਾਨ ਬੀਐਸਐਫ ਜਵਾਨਾਂ ਨੂੰ 7.5 ਕਿਲੋ ਹੈਰੋਇਨ ਦੇ 3 ਪੈਕੇਟ, 1 ਪਿਸਤੌਲ, 2 ਮੈਗਜ਼ੀਨ ਅਤੇ 9 ਐਮਐਮ ਦੇ 50 ਰੌਂਦ ਮਿਲੇ ਹਨ। ਬੀਐਸਐਫ ਦੇ ਜਵਾਨਾਂ ਨੇ ਨੇੜਲੇ ਇਲਾਕੇ (ਚੂੜੀਵਾਲਾ ਚੁਸਤੀ ਨੇੜੇ) ਵਿੱਚ 3-4 ਸ਼ੱਕੀ ਵਿਅਕਤੀਆਂ ਦੀ ਆਵਾਜਾਈ ਨੂੰ ਦੇਖਿਆ ਸੀ। ਇਸ ਦੌਰਾਨ ਬਦਮਾਸ਼ਾਂ ਦੀ ਸ਼ੱਕੀ ਗਤੀਵਿਧੀ ਦੇ ਮੱਦੇਨਜ਼ਰ ਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਗੋਲੀਬਾਰੀ ਕੀਤੀ। ਹਾਲਾਂਕਿ ਉਹ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹੈਰੋਇਨ ਦੀ ਬਾਜ਼ਾਰੀ ਕੀਮਤ 50 ਕਰੋੜ ਰੁਪਏ ਤੋਂ ਵੱਧ ਹੋਵੇਗੀ।