
ਮੋਟੇਮਾਜਰਾ ਵਿਖੇ ਜ਼ਮੀਨੀ ਰੰਜਿਸ਼ ਕਾਰਨ ਦੋ ਭਰਾਵਾਂ ਦੌਰਾਨ ਹੋਈ ਖ਼ੂਨੀ ਝੜਪ
ਬਨੂੜ, 3 ਜਨਵਰੀ (ਅਵਤਾਰ ਸਿੰਘ): ਨਜ਼ਦੀਕ ਪਿੰਡ ਮੋਟੇਮਾਜਰਾ ਵਿਖੇ ਅੱਜ ਸਵੇਰੇ ਪੌਣੇ ਅੱਠ ਵਜੇ ਦੇ ਕਰੀਬ ਦੋ ਭਰਾਵਾਂ ਵਿਚ ਜ਼ਮੀਨ ਨੂੰ ਲੈ ਕੇ ਚੱਲ ਰਹੀ ਨਿਜੀ ਰੰਜਿਸ਼ ਖ਼ੂਨੀ ਝੜਪ ਵਿਚ ਤਬਦੀਲ ਹੋ ਗਈ। ਇਸ ਮੌਕੇ ਇਕ ਭਰਾ ਵਲੋਂ ਚਲਾਈ ਗੋਲੀ ਕਾਰਨ ਇਕ ਮਹਿਲਾ ਅਤੇ ਉਸ ਦੀ ਧੀ ਜ਼ਖ਼ਮੀ ਹੋ ਗਈਆਂ। ਧੀ ਦੀ ਹਾਲਤ ਨਾਜ਼ੁਕ ਦਸੀ ਜਾ ਰਹੀ ਹੈ। ਘਟਨਾ ਪਿੰਡ ਦੇ ਗੁਰਦੁਆਰੇ ਦੇ ਸਾਹਮਣੇ ਵਾਪਰੀ। ਗੁਰਦੀਪ ਸਿੰਘ ਦੇ ਪਿਤਾ ਮੁਨਸ਼ੀ ਸਿੰਘ ਨੇ ਦਸਿਆ ਕਿ ਉਹ ਪਹਿਲਾਂ ਗੁਰਮੇਲ ਸਿੰਘ ਕੋਲ ਰਹਿੰਦਾ ਸੀ ਤੇ ਹੁਣ ਦੋ ਸਾਲਾਂ ਤੋਂ ਗੁਰਦੀਪ ਸਿੰਘ ਨਾਲ ਰਹਿ ਰਿਹਾ ਹੈ।
ਉਨ੍ਹਾਂ ਦਸਿਆ ਕਿ ਉਸ ਦਾ ਪੁੱਤਰ ਗੁਰਦੀਪ ਸਿੰਘ ਉਸ ਨੂੰ ਗੁਰਦੁਆਰੇ ਵਿਚ ਮੱਥਾ ਟਿਕਾਉਣ ਲਿਆ ਰਿਹਾ ਸੀ ਤੇ ਗੁਰਮੇਲ ਸਿੰਘ ਨੇ ਉਸਤੇ ਹਮਲਾ ਕਰ ਦਿਤਾ। ਉਨ੍ਹਾਂ ਕਿਹਾ ਕਿ ਝਗੜੇ ਦਾ ਪਤਾ ਲਗਦਿਆਂ ਗੁਰਦੀਪ ਸਿੰਘ ਦੀ ਪਤਨੀ ਹਰਜਿੰਦਰ ਕੌਰ ਅਤੇ ਪੁੱਤਰੀ ਸਿਮਰਨਜੀਤ ਕੌਰ ਵੀ ਮੌਕੇ ਉਤੇ ਪਹੁੰਚ ਗਈਆਂ ਤੇ ਗੁਰਦੀਪ ਸਿੰਘ ਵਲੋਂ ਇਸ ਮੌਕੇ ਅਪਣੀ ਬੰਦੂਕ ਵਿਚੋਂ ਗੋਲੀ ਚਲਾ ਦਿਤੀ ਜਿਸ ਨਾਲ ਮਾਂ-ਧੀ ਜ਼ਖ਼ਮੀ ਹੋ ਗਈਆਂ। ਜ਼ਖ਼ਮੀ ਮਾਂ-ਧੀ ਨੂੰ ਸੈਕਟਰ 32 ਦੇ ਸਰਕਾਰੀ ਮੈਡੀਕਲ ਹਸਪਤਾਲ ਵਿਖੇ ਦਾਖ਼ਲ ਕਰਾਇਆ ਗਿਆ ਹੈ।
ਘਟਨਾ ਦਾ ਪਤਾ ਲਗਦਿਆਂ ਹੀ ਸੋਹਾਣਾ ਥਾਣੇ ਦੇ ਏਐਸਆਈ ਅਮਰੀਕ ਸਿੰਘ ਅਤੇ ਪਰਮਾ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਉਤੇ ਪੁੱਜੇ ਅਤੇ ਸਮੁੱਚੇ ਮਾਮਲੇ ਸਬੰਧੀ ਬਿਆਨ ਕਮਲਬੱਧ ਕੀਤੇ। ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਦਸਿਆ ਕਿ ਗੁਰਦੀਪ ਸਿੰਘ ਦੇ ਬਿਆਨਾਂ ਉੱਤੇ ਗੁਰਮੇਲ ਸਿੰਘ ਵਿਰੁਧ ਵੱਖ-ਵੱਖ ਧਾਰਾਵਾਂ ਅਧੀਨ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿਤੀ ਹੈ।
ਉਨ੍ਹਾਂ ਦਸਿਆ ਕਿ ਜ਼ਖ਼ਮੀ ਮਾਂ-ਧੀ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਅਤੇ ਉਨ੍ਹਾਂ ਦੇ ਛਰਲੇ ਵਜੇ ਹਨ। ਉਨ੍ਹਾਂ ਦਸਿਆ ਕਿ ਗੁਰਮੇਲ ਸਿੰਘ ਕੋਲ ਲਾਇਸੈਂਸੀ ਬੰਦੂਕ ਹੈ ਤੇ ਬੈਂਕ ਵਿਚ ਸਕਿਊਰਿਟੀ ਗਾਰਡ ਵਗ਼ੈਰਾ ਦੀ ਨੌਕਰੀ ਕਰਦਾ ਹੈ।
ਫੋਟੋ ਕੈਪਸ਼ਨ:-ਮੋਟੇਮਾਜਰਾ ਵਿਖੇ ਗੋਲੀ ਲੱਗਣ ਨਾਲ ਜ਼ਖ਼ਮੀ ਹੋਈ ਮਾਂ ਅਤੇ ਧੀ ਹਸਪਤਾਲ ਵਿੱਚ ਜ਼ੇਰੇ ਇਲਾਜ ਅਤੇ ਘਟਨਾ ਦੀ ਜਾਣਕਾਰੀ ਦਿੰਦਾ ਹੋਇਆ ਮੁਨਸ਼ੀ ਸਿੰਘ।
ਗੋਲੀ ਲੱਗਣ ਨਾਲ ਮਾਂ-ਧੀ ਜ਼ਖ਼ਮੀ