ਦਿੱਲੀ ਕਿਸਾਨੀ ਮੋਰਚਾ 'ਚ ਪੰਜਾਬੀ ਸਮਾਜ ਦੇ ਸਭਨਾਂ ਰੰਗਾਂ ਦਾ ਸੁਮੇਲ
Published : Jan 4, 2021, 3:14 pm IST
Updated : Jan 4, 2021, 3:14 pm IST
SHARE ARTICLE
farmer protest
farmer protest

ਆਪਣੇ ਸਭਨਾਂ ਅੰਦਰੂਨੀ ਵਖਰੇਵਿਆਂ ਸਮੇਤ ਪੰਜਾਬੀ ਸਮਾਜ ਮੋਰਚੇ ਵਿੱਚ ਜਿੱਤ ਦੀ ਤਾਂਘ ਨਾਲ ਹੋਇਆ ਡਟਿਆ

ਚੰਡੀਗੜ੍ਹ : ਦਿੱਲੀ ਮੋਰਚਾ ਵੱਖ ਵੱਖ ਸੂਬਿਆਂ ਦੇ ਕਿਸਾਨਾਂ ਦਾ ਸਾਂਝਾ ਮੋਰਚਾ ਬਣ ਚੁੱਕਿਆ ਹੈ। ਤਾਂ ਵੀ ਪੰਜਾਬੀ ਸਭ ਤੋਂ ਵੱਡੀ ਗਿਣਤੀ 'ਚ ਹਨ ਤੇ ਇਸ ਸੰਘਰਸ਼ ਦੀ ਪੰਜਾਬੀ ਰੰਗਤ ਸਭ ਤੋਂ ਗੂੜ੍ਹੀ ਹੈ। ਬੀਤੇ ਸਾਲਾਂ ਚ ਕਿਸਾਨੀ ਸੰਘਰਸ਼ਾਂ ਦਾ ਲੰਮਾ ਤਜਰਬਾ ਰੱਖਣ ਵਾਲੀਆਂ ਪੰਜਾਬ ਦੀਆਂ ਕਿਸਾਨ  ਜਥੇਬੰਦੀਆਂ ਇਸ ਅੰਦੋਲਨ ਦੌਰਾਨ ਅਗਵਾਨੂੰ ਸ਼ਕਤੀ ਵਜੋਂ ਨਿਭ ਰਹੀਆਂ ਹਨ। ਸੰਘਰਸ਼ ਅੰਦਰ ਅਜਿਹੀ ਭੂਮਿਕਾ ਪੰਜਾਬੀ ਸਮਾਜ 'ਤੇ ਹੋਰ ਵੱਡੀ ਜ਼ਿੰਮੇਵਾਰੀ ਪਾਉਂਦੀ ਹੈ। ਦਿੱਲੀ ਮੋਰਚੇ ਨਾਲ ਸਰੋਕਾਰ ਰੱਖਣ ਵਾਲੇ ਸਭਨਾਂ ਸੁਹਿਰਦ ਤੇ ਚੇਤਨ ਹਲਕਿਆਂ ਦਰਮਿਆਨ ਅਜਿਹੀ ਜ਼ਿੰਮੇਵਾਰੀ ਦੇ ਅਹਿਸਾਸ ਚੋਂ  ਮੋਰਚੇ ਅੰਦਰ ਪੰਜਾਬੀਆਂ ਦੇ ਵਿਹਾਰ ਬਾਰੇ ਵੱਖ ਵੱਖ ਤਰ੍ਹਾਂ ਦੀ ਫ਼ਿਕਰਮੰਦੀ ਉਭਰਦੀ ਰਹਿੰਦੀ ਹੈ। ਇਹ ਫ਼ਿਕਰਮੰਦੀ ਵਾਲੇ ਸਰੋਕਾਰ ਚਾਹੇ ਮੋਰਚੇ ਦੀ ਚਡ਼੍ਹਦੀ ਕਲਾ ਤੇ ਸਫ਼ਲਤਾ ਦੀ ਭਾਵਨਾ 'ਚੋਂ ਹੀ ਉਪਜਦੇ ਹਨ ਪਰ ਮੋਰਚੇ ਅੰਦਰ ਲੋਕਾਂ ਦੀਆਂ ਵੱਖ ਵੱਖ ਪ੍ਰਕਾਰ ਦੀਆਂ ਕਮਜ਼ੋਰੀਆਂ ਦੇ ਪ੍ਰਗਟਾਵੇ ਅਜਿਹੇ ਹਿੱਸਿਆਂ ਦੀਆਂ ਫ਼ਿਕਰਮੰਦੀਆਂ ਦਾ ਸਬੱਬ ਬਣਦੇ ਹਨ। ਇਹ ਫਿਕਰਮੰਦੀਆਂ ਵਾਜਬ ਹੁੰਦੀਆਂ ਹਨ ਪਰ ਇਨ੍ਹਾਂ ਨੂੰ ਠੋਸ ਹਕੀਕਤ ਦੀ ਧਰਾਤਲ 'ਤੇ ਟਿਕਾਉਣਾ ਵੀ ਲਾਜ਼ਮੀ ਹੁੰਦਾ ਹੈ।

Farmer ProtestFarmer Protest ਅਜਿਹੀ ਹਾਲਤ 'ਚ ਇਹ ਸਮਝਣਾ ਅਹਿਮ ਹੈ ਕਿ ਪੰਜਾਬੀ ਸਮਾਜ ਜਿਵੇਂ ਦਾ ਹੈ ਉਵੇਂ ਜਿਵੇਂ ਸਾਬਤਾ ਸਬੂਤਾ ਹੀ ਸੰਘਰਸ਼ ਵਿੱਚ ਹਾਜ਼ਰ ਹੈ। ਸੰਘਰਸ਼ ਅੰਦਰ ਇਸ ਦੀਆਂ ਸਾਰੀਆਂ ਤਕੜਾਈਆਂ ਤੇ ਕਮਜ਼ੋਰੀਆਂ ਹੋਰ ਤਿੱਖੀ ਤਰ੍ਹਾਂ ਉਘੜਦੀਆਂ ਦੇਖੀਆਂ ਜਾ ਸਕਦੀਆਂ ਹਨ। ਜਿਵੇਂ ਕਿ ਸੰਘਰਸ਼ ਰਾਹੀਂ ਇਸ ਦੀ ਏਕਤਾ ਅਗਲੇ ਪੜਾਅ 'ਤੇ ਪਹੁੰਚੀ ਹੈ। ਲੋਕਾਂ ਦੇ ਆਪਸੀ ਵਿਰੋਧ/ ਵਖਰੇਵੇਂ ਮੱਧਮ ਪਏ ਹਨ। ਪੇਂਡੂ ਤੇ ਸ਼ਹਿਰੀ ਲੋਕਾਂ ਦੀਆਂ ਵਿੱਥਾਂ ਘਟੀਆਂ ਹਨ। ਇਲਾਕਿਆਂ, ਧਰਮਾਂ, ਜਾਤਾਂ, ਗੋਤਾਂ ਦੀਆਂ ਵੰਡੀਆਂ 'ਤੇ ਸੱਟ ਪੈ ਰਹੀ ਹੈ । ਲੋਕਾਂ ਅੰਦਰਲੀਆਂ ਨਕਲੀ ਜਾਂ ਦੋਮ ਦਰਜੇ ਦੀਆਂ ਵੰਡਾਂ ਮੱਧਮ ਪਈਆਂ ਹਨ ਤੇ ਅੰਦੋਲਨ ਦੀ ਤਿੱਖੀ ਲਿਸ਼ਕੋਰ ਸਮਾਜ ਦੀਆਂ ਹਕੀਕੀ ਜਮਾਤੀ ਵੰਡਾਂ 'ਤੇ ਪਈ ਹੈ । ਸਮਾਜ ਦੀਆਂ ਅਗਾਂਹਵਧੂ ਹਾਂਦਰੂ ਰਵਾਇਤਾਂ ਦੇ ਵਿਗਸਣ ਲਈ ਜ਼ਮੀਨ ਹੋਰ ਜ਼ਰਖੇਜ਼ ਹੋਈ ਹੈ।

Farmer protestFarmer protestਸੰਘਰਸ਼ ਅੰਦਰ ਨਿੱਤਰੀ ਕਿਸਾਨੀ 'ਚ ਚਾਹੇ ਜੱਟ ਹੋਣ ਦੇ ਹੰਕਾਰ ਦੇ ਝਲਕਾਰੇ ਉਵੇਂ ਹੀ ਦਿਖਦੇ ਹਨ ਪਰ ਇਸ ਹੰਕਾਰ ਨੂੰ ਕਿਰਤ ਕਰਨ ਵਾਲਾ ਜੱਟ ਹੋਣ ਦੇ ਮਾਣ ਤੱਕ ਦਾ ਪਿਛਲ-ਖੁੜੀ  ਸਫ਼ਰ ਤੈਅ ਕਰਨਾ ਪੈ ਰਿਹਾ ਹੈ। ਕਈ ਤਰ੍ਹਾਂ ਦੀਆਂ ਦਾਅਵੇਦਾਰੀਆਂ 'ਚ ਨਿਮਰਤਾ ਦੇ ਅੰਸ਼ ਆ ਗਏ ਹਨ। ਇਹ ਹਕੀਕਤ ਹੈ ਕਿ ਦਿੱਲੀ ਮੋਰਚੇ 'ਚ ਭੰਗੜੇ ਵੀ ਪੈ ਰਹੇ ਹਨ ,ਸਿਖਰਾਂ ਦੇ ਉਤਸ਼ਾਹ ਦੇ ਬਾਵਜੂਦ ਕੁਝ ਕੁ ਘਟਨਾਵਾਂ  ਖ਼ੁਦਕੁਸ਼ੀਆਂ ਦੀਆਂ ਵੀ ਹੋਈਆਂ ਹਨ ਪਰ ਜ਼ਾਹਿਰ ਹੈ ਕਿ ਆਸ਼ਾਵਾਦੀ ਰੁਝਾਨ ਉੱਪਰ ਦੀ ਹੈ।

Farmers DharnaFarmers Dharnaਖੇਤੀ ਸੰਕਟ ਦੀ ਮਾਰ ਹੰਢਾਉਂਦੇ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦੇ ਦਰਦਾਂ ਦਾ ਦਰਿਆ ਵੀ ਵਗਦਾ ਹੈ ਤੇ ਬੇਫ਼ਿਕਰੀ ਦੇ ਆਲਮ ਵਿੱਚ ਜਿਊਣ ਵਾਲੀ ਸਰਦੇ ਪੁੱਜਦੇ ਘਰਾਂ ਦੀ ਜਵਾਨੀ ਦੇ ਲਲਕਾਰੇ ਵੀ ਸੁਣਦੇ ਹਨ। ਜਸ਼ਨਾਂ ਦਾ ਮਾਹੌਲ ਵੀ ਹੈ ਤੇ ਗ਼ਮ ਦੇ ਸਾਏ ਵੀ ਹਨ, ਫ਼ਿਕਰਾਂ ਤੇ ਝੋਰਿਆਂ ਦੇ ਰਾਗ ਵੀ ਸੁਣਦੇ ਹਨ। ਔਰਤ ਮਰਦ ਹੈਸੀਅਤ ਦੇ  ਵਖਰੇਵੇਂ ਵੀ ਦਿਖਦੇ ਹਨ ਪਰ ਨਾਲ ਹੀ ਇਨ੍ਹਾਂ ਵਖਰੇਵਿਆਂ 'ਤੇ ਪੈ ਰਹੀ ਸੱਟ ਦੀ ਗੂੰਜ ਵੀ ਸੁਣੀ ਜਾ ਸਕਦੀ ਹੈ। ਧਾਰਮਿਕ ਸ਼ਰਧਾ ਦਾ ਖੁੱਲ੍ਹਮ ਖੁੱਲ੍ਹਾ ਪ੍ਰਗਟਾਵਾ ਵੀ ਹੋ ਰਿਹਾ ਹੈ ਤੇ ਤਰਕਸ਼ੀਲ ਚੇਤਨਾ ਦੇ ਸੰਚਾਰ ਲਈ ਯਤਨ ਵੀ ਹੋ ਰਹੇ ਹਨ। ਵੱਖ ਵੱਖ ਵਰਤਾਰਿਆਂ ਦੀ ਧਾਰਮਿਕ ਰੰਗਤ ਵੀ ਹੈ  ਪਰ ਨਾਲ ਹੀ ਵਿਸ਼ੇਸ਼ ਧਾਰਮਕ ਰੰਗਤ ਨਾਲੋਂ ਧਰਮ ਨਿਰਪੱਖਤਾ ਦੀ ਪਹੁੰਚ ਦਾ ਹੱਥ ਉਪਰ ਰੱਖਣ ਲਈ ਗੰਭੀਰ ਯਤਨ ਵੀ ਦੇਖੇ ਜਾ ਸਕਦੇ ਹਨ।

farmer protestfarmer protest ਸੰਘਰਸ਼ ਅੰਦਰ ਮੋਹਰੀ ਭੂਮਿਕਾ ਕਾਰਨ ਪੰਜਾਬੀ ਕੌਮੀਅਤ ਵਜੋਂ ਕੀਤਾ ਜਾਂਦਾ ਮਾਣ ਹੋਰ ਡੂੰਘਾ ਹੋ ਰਿਹਾ ਹੈ  ਪਰ ਨਾਲ ਹੀ  ਹੋਰਨਾਂ ਸੂਬਿਆਂ ਦੇ ਲੋਕਾਂ ਪ੍ਰਤੀ ਬਣੇ ਤੁਅੱਸਬਾਂ ਨੂੰ ਖੋਰਾ ਪੈ ਰਿਹਾ ਹੈ। ਵੱਖ ਵੱਖ ਪ੍ਰਕਾਰ ਦੇ ਸਰੀਰਕ ਤੇ ਮਾਨਸਿਕ ਨਸ਼ਿਆਂ ਦੇ ਝਲਕਾਰੇ ਵੀ ਹਨ ਪਰ ਨਾਲ ਹੀ ਇਸ ਤੋਂ ਛੁਟਕਾਰੇ ਦੇ ਹੋਕੇ ਵੀ ਸੁਣੇ ਜਾ ਸਕਦੇ ਹਨ। ਲੋਕਾਂ ਦੇ ਆਮ ਰੌਂਅ ਨਾਲੋਂ ਕੋਈ ਜ਼ਰਾ ਕੁ ਵੀ ਵੱਖਰਾ ਵਿਚਾਰ ਝੱਟ-ਪੱਟ ਤਰਥੱਲੀ ਮਚਾ ਦਿੰਦਾ ਹੈ, ਉਸ ਨੂੰ ਸੁਣਨ, ਸਮਝਣ ਤੇ ਜਜ਼ਬ ਕਰਨ ਲਈ ਲੋੜੀਂਦੇ ਅਰਸੇ ਤੋਂ ਪਹਿਲਾਂ ਹੀ ਪ੍ਰਤੀਕਰਮਾਂ ਦੀ ਝੜੀ ਲੱਗ ਜਾਂਦੀ ਹੈ, ਸ਼ਬਦੀ ਜੰਗ ਗਾਲ੍ਹਾਂ ਤੱਕ ਅੱਪੜ ਜਾਂਦੀ ਹੈ। ਕਿਸੇ ਨੂੰ ਝਟਪਟ ਗੱਦਾਰ ਕਰਾਰ ਦਿੱਤਾ ਜਾ ਸਕਦਾ ਹੈ ਤੇ ਕਿਸੇ ਨੂੰ ਬਿਨਾਂ ਬਹੁਤਾ ਜਾਣੇ ਪਲਕਾਂ 'ਤੇ ਬਿਠਾਇਆ ਜਾ ਸਕਦਾ ਹੈ।

FarmerFarmerਸਾਡੇ ਸਮਾਜੀ ਸੁਭਾਅ ਦੇ ਅਜਿਹੇ ਲੱਛਣ ਬਹੁਤ ਵਾਰੀ ਸੰਘਰਸ਼ ਦੀਆਂ ਮੌਕੇ ਦੀਆਂ ਜ਼ਰੂਰਤਾਂ ਨਾਲ ਭੇੜ ਵਿੱਚ ਆਉਂਦੇ ਹਨ ਤੇ ਸਾਨੂੰ ਸਬਰ, ਤਹੱਮਲ, ਸੰਤੋਖ ਤੇ ਜ਼ਾਬਤੇ ਨਾਲ ਚੱਲਣ ਦੀ ਜ਼ਰੂਰਤ ਪੇਸ਼ ਕਰਦੇ ਰਹਿੰਦੇ ਹਨ। ਇਸ ਸਭ ਮੌਜੂਦਾ  ਪੰਜਾਬੀ ਸਮਾਜ ਦੇ ਰੰਗ ਹਨ ਜਿਨ੍ਹਾਂ ਦਾ ਝਲਕਾਰਾ ਮੋਰਚੇ ਦੇ ਵੱਖ ਵੱਖ ਕੋਨਿਆਂ 'ਚੋਂ ਪੈਂਦਾ ਹੈ। ਆਪਣੇ ਸਭਨਾਂ ਅੰਦਰੂਨੀ ਵਖਰੇਵਿਆਂ/ ਵਿਰੋਧਾਂ ਸਮੇਤ ਪੰਜਾਬੀ ਸਮਾਜ ਮੋਰਚੇ ਵਿੱਚ ਜਿੱਤ ਦੀ ਤਾਂਘ ਨਾਲ ਡਟਿਆ ਹੋਇਆ ਹੈ। ਆਪਣੀਆਂ ਊਣਤਾਈਆਂ ਨੂੰ ਸਰ ਕਰਨ ਤੇ ਤਕੜਾਈਆਂ ਨੂੰ  ਹੋਰ ਜਰਬਾਂ ਦੇਣ ਲਈ ਵੀ ਜੂਝਦਾ ਦੇਖਿਆ ਜਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement