ਕਿਸਾਨ ਹਿਤੈਸ਼ੀ ਹੋਣ ਦਾ ਢੌਂਗ ਰਚ ਰਹੀਆਂ ਹਨ ਕਾਂਗਰਸ, ਅਕਾਲੀ ਅਤੇ ‘ਆਪ’ : ਅਸ਼ਵਨੀ ਸ਼ਰਮਾ
ਮੋਗਾ, 3 ਜਨਵਰੀ (ਪ੍ਰੇਮ ਹੈਪੀ/ਰਾਜਨ ਸੂਦ): ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਕਰੜੇ ਹੱਥÄ ਲੈਂਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਥਾਨਕ ਹੋਟਲ ਵਿਚ ਪ੍ਰੈੱਸ ਮਿਲਣੀ ਦੌਰਾਨ ਕਿਹਾ ਕਿ ਮੋਦੀ ਸਰਕਾਰ ਕਿਸਾਨ ਹਿਤੈਸ਼ੀ ਹੈ ਅਤੇ ਕਾਂਗਰਸ, ਅਕਾਲੀ ਅਤੇ ‘ਆਪ’ ਕਿਸਾਨ ਹਿਤੈਸ਼ੀ ਹੋਣ ਦਾ ਢੌਂਗ ਰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਬਣਾਉਣ ਸਮੇਂ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੇਤੀ ਕਾਨੂੰਨ ਤਿਆਰ ਕਰਨ ਵਾਲੀ ਕਮੇਟੀ ਦੇ ਮੈਂਬਰ ਸਨ ਅਤੇ ਅਕਾਲੀ ਦਲ ਦੀ ਆਗੂ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰੀ ਕੈਬਨਿਟ ਮੰਤਰੀ ਸਨ ਅਤੇ ਖੇਤੀ ਕਾਨੂੰਨਾਂ ਸਬੰਧੀ ਇਹ ਦੋਨੇਂ ਪਾਰਟੀਆਂ ਖੇਤੀ ਕਾਨੂੰਨਾਂ ਨੂੰ ਕਿਸਾਨ ਪੱਖੀ ਦਸਦੀਆਂ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਨੇ ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਸ਼ੁਰੂ ਕਰ ਦਿਤਾ ਤਾਂ ਇਹ ਦੋਵੇਂ ਪਾਰਟੀਆਂ ਸਿਆਸੀ ਦਾਅਪੇਚ ਤਹਿਤ ਪਾਸਾ ਬਦਲ ਗਈਆਂ ਅਤੇ ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਉਨ੍ਹਾਂ ਦੇ ਹੱਕ ਵਿਚ ਜਾ ਖੜੀਆਂ ਹੋਈਆਂ । ਜਦੋਂ ਪੱਤਰਕਾਰਾਂ ਨੇ ਸੂਬਾ ਪ੍ਰਧਾਨ ਤੋਂ ਪੁੱਛਿਆ ਕਿ ਪੰਜ ਲੱਖ ਦੇ ਕਰੀਬ ਕਿਸਾਨ ਦਿੱਲੀ ਬਾਰਡਰਾਂ ’ਤੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਡਟੇ ਹੋਏ ਹਨ, ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਤਾਂ ਅਸ਼ਵਨੀ ਸ਼ਰਮਾ ਇਨ੍ਹਾਂ ਸਵਾਲਾਂ ਦੇ ਜਵਾਬ ਤੋਂ ਬਚਦੇ ਨਜ਼ਰ ਆਏ। ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੇ ਘਰ ਮੂਹਰੇ ਲੱਗੇ ਧਰਨੇ ਸਬੰਧੀ ਪੁੱਛੇ ਗਏ ਸਵਾਲ ’ਤੇ ਉਨ੍ਹਾਂ ਕਿਹਾ ਪਿਛਲੇ ਕਾਫ਼ੀ ਦਿਨਾਂ ਤੋਂ ਸਾਡੇ ਜ਼ਿਲ੍ਹਾ ਪ੍ਰਧਾਨ ਦੇ ਘਰ ਅੱਗੇ ਧਰਨਾ ਲਾਇਆ ਹੋਇਆ ਹੈ, ਜੇਕਰ ਇਕ ਦਿਨ ਵਾਸਤੇ ਮੈਨੂੰ ਪੁਲਿਸ ਪ੍ਰਸ਼ਾਸਨ ਦਾ ਅਧਿਕਾਰ ਦਿਤਾ ਜਾਵੇ ਤਾਂ ਮੈਂ ਇਨ੍ਹਾਂ ਧਰਨਾਕਾਰੀਆਂ ਨੂੰ ਉਠਾ ਦੇਵਾਂਗਾ।
ਵਾਰ ਵਾਰ ਪੱਤਰਕਾਰਾਂ ਦੇ ਤਿੱਖੇ ਸਵਾਲਾਂ ਤੋਂ ਸੂਬਾ ਪ੍ਰਧਾਨ ਤਲਖ਼ੀ ਵਿਚ ਆ ਗਏ, ਪਰ ਪੱਤਰਕਾਰਾਂ ਦੇ ਵਿਰੋਧ ਤੋਂ ਬਾਅਦ ਸੂਬਾ ਪ੍ਰਧਾਨ ਦੇ ਤੇਵਰ ਨਰਮ ਪੈ ਗਏ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ, ਸ਼ਵੇਤ ਮਲਿਕ, ਤੀਕਸ਼ਨ ਸੂਦ, ਅਨਿਲ ਸਰੀਨ, ਰਜੇਸ ਬੱਗਾ, ਗੁਰਦੇਵ ਸ਼ਰਮਾ, ਜ਼ਿਲ੍ਹਾ ਪ੍ਰਧਾਨ ਵਿਨੈ ਸਰਮਾ ਆਦਿ ਹਾਜ਼ਰ ਸਨ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਸੈਂਕੜੇ ਕਿਸਾਨਾਂ ਨੇ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਪ੍ਰਗਟਾਇਆ। ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਭਾਜਪਾ ਆਗੂ, ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੇ ਘਰ ਤੋਂ ਵਾਪਸ ਆਉਣ ਲੱਗੇ ਤਾਂ ਕਿਸਾਨਾਂ ਅਤੇ ਮੁਹੱਲਾ ਵਾਸੀਆਂ ਵਲੋਂ ਕਾਲੀਆਂ ਝੰਡੀਆਂ ਵਿਖਾਈਆਂ ਜਾ ਰਹੀਆਂ ਸਨ ਤਾਂ ਭਾਜਪਾ ਦੇ ਇਕ ਵਰਕਰ ਨੇ ਡੀਐਸਪੀ ਨੂੰ ਧੱਕਾ ਮਾਰਦੇ ਹੋਏ ਉਨ੍ਹਾਂ ਨਾਲ ਮਾੜਾ ਵਰਤਾਅ ਕੀਤਾ। ਜਦੋਂ ਪੁਲਿਸ ਮੁਲਾਜ਼ਮਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਖ਼ੁਦ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਿਚ ਪੈ ਕੇ ਗੱਲ ਨੂੰ ਠੰਢਾ ਕੀਤਾ ਅਤੇ ਚਲਦੇ ਬਣੇ ।
ਫੋਟੋ ਨੰਬਰ -03 ਮੋਗਾ 05 ਪੀ
ਪੱਤਰਕਾਰਾਂ ਦੇ ਤਿੱਖੇ ਸਵਾਲਾਂ ਤੋਂ ਬਚਦੇ ਨਜ਼ਰ ਆਏ ਸੂਬਾ ਪ੍ਰਧਾਨ