ਖੇਤੀ ਕਾਨੂੰਨ ਦੇ ਵਿਰੁਧ ਹਰਸਿਮਰਤ ਕੌਰ ਬਾਦਲ ਦੇ ਕਾਫ਼ਲੇ ਨੂੰ ਕਿਸਾਨਾਂ ਵਲੋਂ ਘੇਰਨ ਦੀ ਕੋਸ਼ਿਸ਼, ਕੀਤੀ ਨਾਹਰੇਬਾਜ਼ੀ
ਬੁਢਲਾਡਾ, 3 ਜਨਵਰੀ(ਕੁਲਵਿੰਦਰ ਚਹਿਲ): ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾ ਵਲੋਂ ਮੋਦੀ ਸਰਕਾਰ ਵਿਰੁਧ ਸ਼ੁਰੂ ਕੀਤੇ ਗਏ ਸੰਘਰਸ਼ ਦੌਰਾਨ ਅੱਜ ਲੋਕ ਸਭਾ ਹਲਕਾ ਬਠਿੰਡਾ ਤੋਂ ਮੈਬਰ ਪਾਰਲੀਮੈਂਟ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕਿਸਾਨਾਂ ਦੇ ਵਿਰੋਧ ਦਾ ਭਾਰੀ ਸਾਹਮਣਾ ਕਰਨਾ ਪਿਆ ਅਤੇ ਰੱਖੇ ਪ੍ਰੋਗਰਾਮਾਂ ਵਿਚੋਂ ਚਾਰ ਪਿੰਡਾ ਵਿਚ ਪਹੁੰਚ ਨਾ ਸਕੇ। ਇਸ ਮੌਕੇ ਸੈਂਕੜਿਆਂ ਦੀ ਤਦਾਦ ਵਿਚ ਲੋਕਾਂ ਨੇ ਦੋਰੇ ਦੌਰਾਨ ਜਿੱਥੇ ਨਾਹਰੇਬਾਜ਼ੀ ਕੀਤੀ, ਉਥੇ ਉਨਾਂ ਦੇ ਕਾਫ਼ਲੇ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਡੀ.ਐਸ.ਪੀ. ਬੁਢਲਾਡਾ ਬਲਜਿੰਦਰ ਸਿੰਘ ਪੰਨੂੰ ਦੀ ਅਗਵਾਈ ਵਿਚ ਪੁਲਿਸ ਦੀ ਮੁਸਤੈਦੀ ਕਾਰਨ ਉਨ੍ਹਾਂ ਦੇ ਕਾਫ਼ਲੇ ਨੂੰ ਸੁਰਖਿਅਤ ਵਿਰੋਧ ਵਾਲੇ ਪਿੰਡਾਂ ਵਿਚੋਂ ਅੱਗੇ ਭੇਜਿਆ ਗਿਆ।
ਇਹ ਦੋਰਾ ਉਨ੍ਹਾਂ ਦਾ ਕੇਂਦਰੀ ਮੰਤਰੀ ਮੰਡਲ ਵਿਚੋਂ ਅਸਤੀਫ਼ਾ ਦੇਣ ਤੋਂ ਬਾਅਦ ਅੱਜ ਹਲਕੇ ਦੇ ਪਿੰਡਾ ਵਿਚ ਸ਼ਹੀਦ ਹੋਏ ਕਿਸਾਨਾਂ ਅਤੇ ਪਾਰਟੀ ਦੇ ਮ੍ਰਿਤਕਾ ਦੇ ਪਰਵਾਰਕ ਮੈਂਬਰਾ ਨਾਲ ਹਮਦਰਦੀ ਪ੍ਰਗਟ ਕਰਨ ਲਈ ਰਖਿਆ ਹੋਇਆ ਸੀ ਤਾਂ ਜੋ ਉਨ੍ਹਾਂ ਦੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦਾਂ ਦੇ ਘਰਾਂ ਵਿਚ ਜਾ ਕੇ ਹਮਦਰਦੀ ਪ੍ਰਗਟ ਕੀਤੀ ਜਾਵੇ। ਪਿੰਡਾਂ ਅੰਦਰ ਜਿੱਥੇ ਭਾਰੀ ਪੁਲਿਸ ਫ਼ੋਰਸ ਤਾਈਨਾਤ ਕੀਤੀ ਹੋਈ ਸੀ ਪਰ ਕਿਸਾਨਾਂ ਦੇ ਭਾਰੀ ਵਿਰੋਧ ਕਾਰਨ ਤਹਿ ਕੀਤੇ ਗਏ। ਸੱਤ ਪਿੰਡਾਂ ਦੇ ਪ੍ਰੋਗਰਾਮਾਂ ਵਿਚੋਂ ਸਿਰਫ਼ ਤਿੰਨ ਪਿੰਡਾਂ ਤਕ ਹੀ ਜਾ ਸਕੇ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਪਿੰਡ ਗੁੱੜਦੀ, ਬੱਛੂਆਣਾ, ਧਰਮਪੁਰਾ, ਬਰ੍ਹੇ, ਦੋਦੜਾ, ਬੋਹਾ ਅਤੇ ਭਾਦੜਾ ਵਿਖੇ ਜਾਣਾ ਸੀ ਪਰ ਪਿੰਡ ਦੋਦੜਾ ਅਤੇ ਭਾਦੜਾ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ, ਉਗਰਾਹਾਂ, ਡਕੋਦਾ ਅਤੇ ਕਾਦੀਆਂ ਗਰੁੱਪ ਸਮੇਤ ਸਥਾਨਕ ਲੋਕਾਂ ਵਲੋਂ ਬੀਬਾ ਹਰਸਿਮਰਤ ਕੌਰ ਬਾਦਲ ਦਾ ਭਾਰੀ ਵਿਰੋਧ ਕੀਤਾ ਗਿਆ ਜਿਸ ਕਾਰਨ ਬੀਬੀ ਬਾਦਲ ਪਿੰਡ ਭਾਦੜਾ, ਦੋਦੜਾ ਅਤੇ ਬੋਹਾ ਵਿਖੇ ਹੀ ਪਹੁੰਚ ਸਕੇ ਹਨ।
ਇਸ ਦੌਰਾਨ ਪਿੰਡ ਧਰਮਪੁਰਾ ਦੇ ਸੰਘਰਸ ਦੌਰਾਨ ਸ਼ਹੀਦ ਹੋਏ ਕਿਸਾਨ ਪਿਆਰਾ ਸਿੰਘ ਦੇ ਪਰਵਾਰ ਵਲੋਂ ਵੀ ਸੁਨੇਹਾ ਭੇਜ ਕਿ ਬੀਬਾ ਬਾਦਲ ਮਿਲਣ ਤੋਂ ਇਨਕਾਰ ਕਰ ਦਿਤਾ ਜਿਸ ਦੀ ਪੁਸ਼ਟੀ ਪਰਵਾਰ ਦੇ ਨਜ਼ਦੀਕੀ ਭਾਰਤੀ ਕਿਸਾਨ ਯੂਨੀਅਨ ਡਕੋਦਾ ਦੇ ਆਗੂ ਵਸਾਵਾ ਸਿੰਘ ਨੇ ਕੀਤੀ। ਦੂਸਰੇ ਪਾਸੇ ਦੋਰੇ ਦੌਰਾਨ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਦਾ ਵਿਰੋਧ ਸਿਆਸੀ ਵਿਰੋਧੀ ਪਾਰਟੀਆਂ ਦੀ ਇਕ ਚਾਲ ਹੈ। ਉਨ੍ਹਾਂ ਭੰਡੀ ਪ੍ਰਚਾਰ ਕਰਨ ਵਾਲੀ ਭਾਜਪਾ ਸਮੇਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਚੈਲੇਜ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਖੇਤੀ ਕਾਨੂੰਨ ਸਬੰਧੀ ਸ਼ਮੂਲੀਅਤ ਸਪੱਸ਼ਟ ਕਰਨ। ਜਦੋ ਕਿ ਦੂਸਰੇ ਪਾਸੇ ਕਾਨੂੰਨ ਪਾਸ ਕਰਨ ਦੀ ਸਹਿਮਤੀ ਕੈਪਟਨ, ਵਿੱਤ ਮੰਤਰੀ ਅਤੇ ਉਨ੍ਹਾਂ ਦੇ ਸਕੱਤਰ ਦੀ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਕਿਸਾਨਾਂ ਦੇ ਨਾਲ ਹੈ। ਮੈਂ ਮੰਤਰੀ ਮੰਡਲ ਛਡਿਆ, ਐਨ.ਡੀ.ਏ. ਛੱਡੀ, ਭਾਜਪਾ ਗਠਜੋੜ ਛਡਿਆ। ਅੱਜ ਵੀ ਕਿਸਾਨਾਂ ਦੇ ਸੰਘਰਸ਼ ਵਿਚ ਮੋਢੇ ਨਾਲ ਮੋਢੇ ਜੋੜ ਕੇ ਕੇਂਦਰ ਦੀ ਮੋਦੀ ਸਰਕਾਰ ਵਿਰੁਧ ਲੜ੍ਹ ਰਹੀ ਹਾਂ।
ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੇ ਹੱਕ ਵਿਚ ਮੇਰੇ ਕਿਸੇ ਵੀ ਦਸਤਾਵੇਜ਼ ਅਤੇ ਦਸਤਖਤ ਨਹੀਂ ਹਨ, ਕਾਨੂੰਨ ਬਣਾਂਉਣ ਸਮੇ ਮੈਂ ਵਿਰੋਧ ਕੀਤਾ, ਮੇਰੀ ਇਕ ਨਾ ਸੁਣੀ ਜਿਸ ਕਰ ਕੇ ਮੈਂ ਮੰਤਰੀ ਮੰਡਲ ਤੋ ਅਸਤੀਫ਼ਾ ਦਿਤਾ।
ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਬੂਹੇ ਉਤੇ ਬੈਠੇ ਕਿਸਾਨਾਂ ਨੂੰ ਮਿਲ ਕੇ ਉਨ੍ਹਾਂ ਦੇ ਦੁੱਖ ਦਰਦ ਨੂੰ ਪਹਿਚਾਣਨ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਆਲ ਇੰਡੀਆਂ ਯੂਥ ਅਕਾਲੀ ਦਲ ਦੇ ਕੋਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਇਹ ਸਾਜਿਸ਼ ਤਹਿਤ ਬੀਬਾ ਦੇ ਪ੍ਰੋਗਰਾਮ ਦਾ ਵਿਰੋਧ ਪ੍ਰੋਗਰਾਮ ਵਿਰੋਧੀਆਂ ਵਲੋਂ ਉਲੀਕਿਆ ਗਿਆ ਹੈ ਜਿਸ ਦੀ ਜ਼ਿੰਮੇਵਾਰ ਸਰਕਾਰ ਹੈ ਅਤੇ ਇਨ੍ਹਾਂ ਨੇ ਵਿਰੋਧ ਦੀ ਆੜ ਵਿਚ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨਾ ਚਾਹੁੰਦੇ ਹਨ ਜੋ ਸ਼੍ਰੋਮਣੀ ਅਕਾਲੀ ਦਲ ਕਦੇ ਬਰਦਾਸ਼ਤ ਨਹੀਂ ਕਰੇਗਾ।
ਫੋਟੋ: ਬੁਢਲਾਡਾ: ਪਿੰਡ ਦੋਦੜਾ ਅਤੇ ਭਾਦੜਾ ਵਿੱਚ ਹਰਸਿਮਰਤ ਕੋਰ ਬਾਦਲ ਦੇ ਕਾਫਲੇ ਨੂੰ ਘੇਰਨ ਅਤੇ ਨੂਵਿਰੋਧ ਦੀਆਂ ਤਸਵੀਰਾਂ ।
ਫੋਟੋ ਨੰ-14
ਫੋਟੋ ਕੈਪਸ਼ਨ- ਖੇਤੀ ਕਾਨੂੰਨ ਦੇ ਖਿਲਾਫ ਹਰਸਿਮਰਤ ਕੋਰ ਬਾਦਲ ਦੇ ਕਾਫਲੇ ਨੂੰ ਕਿਸਾਨਾਂ ਵੱਲੋਂ ਘੇਰਨ ਦੀ ਕੋਸਿਸ,
ਮੰਤਰੀ ਮੰਡਲ ਛਡਿਆ, ਗਠਜੋੜ ਛਡਿਆ, ਅੱਜ ਵੀ ਕਿਸਾਨਾਂ ਦੇ ਨਾਲ ਹਾਂ: ਬੀਬੀ ਬਾਦਲ
ਪਿੰਡਾਂ ਵਿਚ ਵਿਰੋਧ ਸਿਆਸੀ ਵਿਰੋਧੀਆਂ ਦੀ ਚਾਲ