
ਬਾਦਲ, ਕੈਪਟਨ ਅਤੇ ਚੰਨੀ ਦੀਆਂ ਸਰਕਾਰਾਂ ਨੇ ਇਨਸਾਫ਼ ਨਾਲ ਕੀਤਾ ਖਿਲਵਾੜ : ਬਿੱਟੂ
ਡੇਰੇ ਦੀਆਂ ਵੋਟਾਂ ਦੇ ਮੁੱਦੇ ’ਤੇ ਅਕਾਲੀਆਂ-ਕਾਂਗਰਸੀਆਂ ਦੇ
ਕੋਟਕਪੂਰਾ, 3 ਜਨਵਰੀ (ਗੁਰਿੰਦਰ ਸਿੰਘ) : ਦਲ ਖ਼ਾਲਸਾ ਨੇ ਅੱਜ ਬਰਗਾੜੀ ਅਤੇ ਬਹਿਬਲ ਕਲਾਂ ਦੀਆਂ ਮੰਦਭਾਗੀਆਂ ਅਤੇ ਹਿਰਦੇ-ਵੇਦਿਕ ਘਟਨਾਵਾਂ ’ਚ ਪੰਜਾਬ ਦੀਆਂ ਲਗਾਤਾਰ ਬਦਲਦੀਆਂ ਸਰਕਾਰਾਂ ਤੇ ਇਨਸਾਫ਼ ਤੋਂ ਕਿਨਾਰਾ-ਕਸ਼ੀ ਕਰਨ ਲਈ ਤਿੱਖਾ ਹਮਲਾ ਬੋਲਿਆ। ਬਹਿਬਲ ਕਲਾਂ ਇਨਸਾਫ਼ ਮੋਰਚੇ ’ਚ ਪੀੜਤ ਪ੍ਰਵਾਰ ਨਾਲ ਇਕਜੁਟਤਾ ਪ੍ਰਗਟਾਉਣ ਅਤੇ ਮੋਰਚੇ ’ਚ ਸ਼ਮੂਲੀਅਤ ਕਰਨ ਲਈ ਆਏ ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਦੀਆਂ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਨੇ ਬਰਗਾੜੀ ਅਤੇ ਬਹਿਬਲ ਕਲਾਂ ਘਟਨਾਵਾਂ ’ਚ ਇਨਸਾਫ਼ ਦਾ ਕੇਵਲ ਗਲਾ ਹੀ ਨਹੀਂ ਘੁੱਟਿਆ, ਸਗੋਂ ਇਨਸਾਫ਼ ਨਾਲ ਖਿਲਵਾੜ ਵੀ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਨੂੰ ਯਕੀਨੀ ਮੰਨਿਆ ਜਾ ਸਕਦਾ ਹੈ ਕਿ ਉਕਤ ਇਹ ਦੋਵੇਂ (ਬੇਅਦਬੀ ਅਤੇ ਗੋਲੀਕਾਂਡ) ਕੇਸ ਕਿਸੇ ਤਨ-ਪਤਨ ਨਾ ਲੱਗ ਸਕਣ ਕਿਉਂਕਿ ਦੋਵੇਂ ਪਾਰਟੀਆਂ ਦੀਆਂ ਸਰਕਾਰਾਂ ਦੇ ਡੇਰਾ ਸਿਰਸਾ ਦੀਆਂ ਵੋਟਾਂ ਅਤੇ ਪੁਲਿਸ ਫ਼ੋਰਸ ਨੂੰ ਅਪਣੇ ਹੱਕ ’ਚ ਭੁਗਤਾਉਣ ਲਈ ਹਿਤ ਸਾਂਝੇ ਹਨ। ਕੰਵਰਪਾਲ ਸਿੰਘ ਨੇ ਬਹਿਬਲ ਕਲਾਂ ਗੋਲੀਕਾਂਡ ਦੇ ਪੀੜਤ ਪ੍ਰਵਾਰਾਂ ਦੀ ਦਸ਼ਾ ਪ੍ਰਤੀ ਅਸੰਵੇਦਨਸ਼ੀਲ ਅਤੇ ਗ਼ੈਰ-ਸੰਜੀਦਾ ਰਵਈਆ ਅਪਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਤਿੱਖੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਉਹ ਵੀ ਪਹਿਲੇ ਮੁੱਖ ਮੰਤਰੀਆਂ ਵਾਂਗ ਇਨਸਾਫ਼ ਦੇਣ ਤੋਂ ਭਗੌੜੇ ਹਨ।
ਸ਼ਹੀਦ ਕਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਪੱਤਰਕਾਰਾਂ ਦੇ ਇਕ ਸਵਾਲ ਦੇ ਜੁਆਬ ’ਚ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਵੀ ਪਹਿਲੇ ਮੁੱਖ ਮੰਤਰੀਆਂ ਦੇ ਨਕਸ਼ੇ ਕਦਮਾਂ ’ਤੇ ਤੁਰਦਿਆਂ ਗੱਲਾਬਾਤਾਂ ਨਾਲ ਡੰਗ ਟਪਾਉਣ ਦੀ ਨੀਤੀ ’ਤੇ ਚਲ ਰਹੇ ਹਨ। ਉਨ੍ਹਾਂ ਵਿਅੰਗ ਕੱਸਦਿਆਂ ਆਖਿਆ ਕਿ ਮੁੱਖ ਮੰਤਰੀ ਚੰਨੀ ਤਾਂ ਅਖ਼ਬਾਰਾਂ ’ਚ ਛਪੇ ਇਸ਼ਤਿਹਾਰਾਂ ਜਾਂ ਸੜਕਾਂ ’ਤੇ ਲੱਗੇ ਫਲੈਕਸਾਂ ਵਿਚ ਹੀ ਦਿਖਾਈ ਦਿੰਦੇ ਹਨ। ਪਾਰਟੀ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਦੋਹਾਂ ਸਰਕਾਰਾਂ ਅਤੇ ਤਮਾਮ ਪਾਰਟੀਆਂ ਨੇ ਇਨਸਾਫ਼ ਦੇ ਨਾਮ ’ਤੇ ਭਾਵਨਾਵਾਂ ਨਾਲ ਖਿਲਵਾੜ ਕੀਤਾ, ਤੱਥਾਂ ਨਾਲ ਭੰਨ-ਤੋੜ ਕੀਤੀ, ਮੁੱਦੇ ਨੂੰ ਲਾਹਾ ਲੈਣ ਤਕ ਉਛਾਲਿਆ ਪਰ ਇਹ ਯਕੀਨੀ ਬਣਾਇਆ ਕਿ ਇਹ ਕਿਸੇ ਤਨ-ਪਤਨ ਨਾ ਲੱਗੇ। ਉਨ੍ਹਾਂ ਕਿਹਾ ਕਿ ਸਾਰਿਆਂ ਨੇ ਮਿਲ ਕੇ ਬੇਅਦਬੀ ਦੇ ਇਸ ਮੁੱਦੇ ਨੂੰ ਸਿਆਸੀ ਫੁੱਟਬਾਲ ਵਜੋਂ ਵਰਤਿਆ।
ਮੋਰਚੇ ’ਚ ਹੋਰਨਾਂ ਤੋਂ ਇਲਾਵਾ ਦਲ ਖ਼ਾਲਸਾ ਦੇ ਸੀਨੀਅਰ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ, ਪਰਮਜੀਤ ਸਿੰਘ ਟਾਂਡਾ, ਅਕਾਲੀ ਦਲ (ਅੰਮ੍ਰਿਤਸਰ) ਦੇ ਮੈਂਬਰ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਹਰਪ੍ਰੀਤ ਸਿੰਘ ਭਾਊ, ਰਾਮ ਸਿੰਘ ਬਰਾੜ, ਅੰਮ੍ਰਿਤਪਾਲ ਸਿੰਘ ਰੋਮਾਣਾ ਸਿੱਧੂਪੁਰ ਕਿਸਾਨ ਯੂਨੀਅਨ ਆਦਿ ਵੀ ਹਾਜ਼ਰ ਸਨ।