
ਵਿਧਾਇਕ ਬਲਵਿੰਦਰ ਸਿੰਘ ਲਾਡੀ ਮੁੜ ਕਾਂਗਰਸ ਵਿਚ ਵਾਪਸ ਆਏ
ਚੰਡੀਗੜ੍ਹ, 3 ਜਨਵਰੀ (ਭੁੱਲਰ) : ਹਲਕਾ ਹਰਗੋਬਿੰਦਪੁਰ ਸਾਹਿਬ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਭਾਜਪਾ 'ਚੋਂ 6 ਦਿਨਾਂ ਬਾਅਦ ਹੀ ਕਾਂਗਰਸ 'ਚ ਵਾਪਸੀ ਹੋ ਗਈ ਹੈ | ਜ਼ਿਕਰਯੋਗ ਹੈ ਕਿ ਉਹ ਪਿਛਲੇ ਦਿਨੀਂ ਇਕ ਹੋਰ ਕਾਂਗਰਸੀ ਵਿਧਾਇਕ ਫ਼ਤਿਹਜੰਗ ਬਾਜਵਾ ਸਮੇਤ ਨਵੀਂ ਦਿੱਲੀ ਪਹੁੰਚ ਕੇ ਭਾਜਪਾ ਦੇ ਕੇਂਦਰੀ ਆਗੂਆਂ ਦੀ ਮੌਜੂਦਗੀ 'ਚ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਸਨ | ਬੀਤੀ ਰਾਤ ਅਚਾਨਕ ਉਹ ਚੰਡੀਗੜ੍ਹ ਪਹੁੰਚੇ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੂੰ ਮਿਲੇ ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਮੌਜੂਦਗੀ 'ਚ ਮੁੜ ਕਾਂਗਰਸ 'ਚ ਸ਼ਾਮਲ ਹੋ ਗਏ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ 'ਚ ਸ਼ਾਮਲ ਹੋਣਾ ਮੇਰੀ ਗ਼ਲਤੀ ਸੀ | ਮੇਰੇ ਫ਼ੈਸਲੇ 'ਤੇ ਹਲਕੇ ਦੇ ਲੋਕ ਖ਼ੁਸ਼ ਨਹੀਂ ਸਨ, ਜਿਸ ਕਰ ਕੇ ਮੈਂ ਲੋਕਾਂ ਦੀ ਆਵਾਜ਼ ਸੁਣਦਿਆਂ ਹੀ ਕਾਂਗਰਸ 'ਚ ਵਾਪਸੀ ਕੀਤੀ ਹੈ | ਪਾਰਟੀ ਜੋ ਜ਼ਿੰਮੇਵਾਰੀ ਲਾਵੇਗੀ, ਉਹ ਨਿਭਾਵਾਂਗਾ |
ਮੁੱਖ ਮੰਤਰੀ ਚੰਨੀ ਨੇ ਲਾਡੀ ਨੂੰ ਕਾਂਗਰਸ 'ਚ ਸ਼ਾਮਲ ਕਰਨ ਬਾਅਦ ਕਿਹਾ ਕਿ ਲਾਡੀ ਜਲਦਬਾਜ਼ੀ 'ਚ ਫ਼ੈਸਲਾ ਲੈ ਕੇ ਭਾਜਪਾ 'ਚ ਚਲੇ ਗਏ ਸਨ ਪਰ ਹੁਣ ਉਹ ਆਖਰੀ ਦਮ ਤਕ ਕਾਂਗਰਸ 'ਚ ਹੀ ਰਹਿਣਗੇ |