
ਇਕ ਮਹੀਨੇ ਤੱਕ ਟਰੱਕ ਯੂਨੀਅਨਾਂ ਪਹਿਲਾਂ ਵਾਂਗ ਕਰਨਗੀਆਂ ਕੰਮ
ਚੰਡੀਗੜ੍ਹ: ਅੱਜ ਸ਼ੰਭੂ ਬਾਰਡਰ 'ਤੇ ਬੈਠੇ ਟਰਾਂਸਪੋਰਟਰਾਂ ਦੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੀਟਿੰਗ ਹੋਈ, ਜਿਸ ਤੋਂ ਬਾਅਦ ਟਰਾਂਸਪੋਰਟਰਾਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ ਹੈ। ਮੰਤਰੀ ਕੁਲਦੀਪ ਧਾਲੀਵਾਲ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਨੇ ਇੱਕ ਕਮੇਟੀ ਬਣਾਈ ਹੈ ਜਿਸ ਵਿੱਚ ਸਰਕਾਰ ਵੱਲੋਂ 4 ਮੈਂਬਰ, ਵਪਾਰੀ ਵਰਗ ਦੇ 3 ਅਤੇ ਟਰੱਕ ਆਪਰੇਟਰ ਯੂਨੀਅਨ ਤੋਂ 4 ਮੈਂਬਰ ਸ਼ਾਮਲ ਕੀਤੇ ਜਾਣਗੇ।
ਸਰਕਾਰ ਨੇ ਕਿਹਾ ਕਿ ਟਰੱਕ ਅਪਰੇਟਰਾਂ ਦੀਆਂ ਮੰਗਾਂ ਨੂੰ ਲੈ ਕੇ ਇੱਕ ਮਹੀਨੇ ਦੇ ਅੰਦਰ-ਅੰਦਰ ਨਵੀਂ ਨੀਤੀ ਬਣਾ ਦਿੱਤੀ ਜਾਵੇਗੀ ਅਤੇ ਜਦੋਂ ਤੱਕ ਇਹ ਪਾਲਿਸੀ ਨਹੀਂ ਬਣਦੀ, ਕੰਮ ਉਸੇ ਤਰ੍ਹਾਂ ਜਾਰੀ ਰਹੇਗਾ, ਜਿਸ ਤਰ੍ਹਾਂ ਪੁਰਾਣੀ ਯੂਨੀਅਨ ਕੰਮ ਕਰ ਰਹੀ ਸੀ। ਜਲਦ ਹੀ ਸਰਕਾਰ ਵੱਲੋਂ ਲਿਖਤੀ ਤੌਰ 'ਤੇ ਸਹਿਮਤੀ ਜਤਾਉਣ ਦਾ ਫੈਸਲਾ ਆਪ੍ਰੇਟਰ ਨੂੰ ਦਿੱਤਾ ਜਾਵੇਗਾ ਅਤੇ ਅੱਜ ਤੋਂ ਸ਼ੰਭੂ ਪੰਜਾਬ ਹਰਿਆਣਾ ਬਾਰਡਰ 'ਤੇ ਚੱਲ ਰਿਹਾ ਧਰਨਾ ਸਮਾਪਤ ਕਰ ਦਿੱਤਾ ਜਾਵੇਗਾ।