
‘ਇੰਡੀਆ ਬੁੱਕ ਆਫ਼ ਰਿਕਾਰਡਜ਼’ ਨੇ ਮੈਡਲ ਤੇ ਸਰਟੀਫ਼ਿਕੇਟ ਦੇ ਕੇ ਕੀਤਾ ਸਨਮਾਨਤ
Punjab News: ਇੱਥੋਂ ਦੇ ਵਿਦਿਆਰਥੀ ਭਾਵਿਕ ਸਿੰਗਲਾ ਨੇ ਅੱਠ ਅੰਕਾਂ ਦਾ ਪਹਾੜਾ ਢਾਈ ਮਿੰਟਾਂ ਚ ਮੂੰਹ ਜ਼ੁਬਾਨੀ ਸੁਣਾ ਕੇ ਦੇਸ਼ ਭਰ ’ਚ ਨਾਂ ਰੌਸ਼ਨ ਕੀਤਾ ਹੈ। ਉਹ ਸਥਾਨਕ ਜੇਵੀਅਰ ਸਕੂਲ ਦਾ ਵਿਦਿਆਰਥੀ ਹੈ ਤੇ ਉਸ ਨੇ ਇਹ ਰਿਕਾਰਡ ਇਕ ਕਰੋੜ 315 ਦਾ ਇਹ ਪਹਾੜਾ, ਮਹਿਜ਼ 2 ਮਿੰਟ 27 ਸੈਕਿੰਡ ਵਿਚ 100 ਲਾਈਨਾਂ ਤਕ ਸੁਣਾਇਆ ਹੈ। ਇਸ ’ਤੇ ਸਿਖਿਆ ਮਾਹਰਾਂ ਨੇ ਵੀ ਹੈਰਾਨੀ ਪ੍ਰਗਟ ਕੀਤੀ ਹੈ।
ਵਿਦਿਆਰਥੀ ਨੂੰ ਇਸ ਕਾਬਲ ਰਾਮਪੁਰਾ ਫੂਲ ਦੇ ‘ਸ਼ਾਰਪ ਬ੍ਰੇਨ ਐਜੂਕੇਸ਼ਨ’ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਬਣਾਇਆ ਹੈ, ਭਾਵੇਂ ਬੱਚੇ ਦੇ ਅਭਿਆਸ ਅਤੇ ਮਾਪਿਆਂ ਦੇ ਸਹਿਯੋਗ ਨੂੰ ਵੀ ਮਨਫ਼ੀ ਨਹੀਂ ਕੀਤਾ ਜਾ ਸਕਦਾ। ਇਸ ਤੋਂ ਪਹਿਲਾਂ ਭਾਰਤ ਦੇ ਕਿਸੇ ਵੀ ਵਿਦਿਆਰਥੀ ਵਲੋਂ ਇੰਨਾ ਵੱਡਾ ਪਹਾੜਾ ਏਨੇ ਘੱਟ ਸਮੇਂ ਵਿਚ ਨਹੀਂ ਬੋਲਿਆ ਗਿਆ।
ਸਿੰਗਲਾ ਦੀ ਇਹ ਪ੍ਰਾਪਤੀ ‘ਇੰਡੀਆ ਬੁੱਕ ਆਫ਼ ਰਿਕਾਰਡਜ਼’ ਨੇ ਦਰਜ ਕਰਦਿਆਂ ਉਸ ਨੂੰ ਮੈਡਲ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਤ ਕੀਤਾ ਹੈ। ਸਬ ਡਵੀਜ਼ਨ ਦੇ ਐੱਸਡੀਐੱਮ ਗਗਨਦੀਪ ਸਿੰਘ ਨੇ ਵੀ ਵਿਦਿਆਰਥੀ ਨੂੰ ਸਨਮਾਨਤ ਕਰਦਿਆਂ ਇਲਾਕੇ ਲਈ ਮਾਣ ਵਾਲੀ ਗੱਲ ਕਹੀ ਹੈ। ਸ਼ਹਿਰ ਦੇ ਬੁੱਧੀਜੀਵੀਆਂ ਤੇ ਪਤਵੰਤਿਆਂ ਨੇ ਇਸ ਲਈ ਵਿਦਿਆਰਥੀ, ਉਸ ਦੇ ਮਾਪਿਆਂ ਅਤੇ ਡਾਇਰੈਕਟਰ ਰੰਜੀਵ ਗੋਇਲ ਨੂੰ ਵਧਾਈ ਦਿਤੀ ਹੈ।