
ਅੰਮ੍ਰਿਤਸਰ, ਲੁਧਿਆਣਾ ਅਤੇ ਅੰਬਾਲਾ ਸਮੇਤ ਕਈ ਥਾਵਾਂ ’ਤੇ ਦਿਸਣ ਹੱਦ ਸਿਫ਼ਰ ਰਹਿ ਗਈ
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ’ਚ ਸਨਿਚਰਵਾਰ ਸਵੇਰੇ ਸੰਘਣੀ ਧੁੰਦ ਰਹੀ ਅਤੇ ਅੰਮ੍ਰਿਤਸਰ, ਲੁਧਿਆਣਾ ਅਤੇ ਅੰਬਾਲਾ ਸਮੇਤ ਕਈ ਥਾਵਾਂ ’ਤੇ ਦਿਸਣ ਹੱਦ ਸਿਫ਼ਰ ਰਹਿ ਗਈ। ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿਤੀ।
ਪਿਛਲੇ ਕੁੱਝ ਦਿਨਾਂ ਤੋਂ ਦੋਹਾਂ ਸੂਬਿਆਂ ਦੇ ਵੱਡੇ ਹਿੱਸੇ ਸੰਘਣੀ ਧੁੰਦ ਦੀ ਲਪੇਟ ’ਚ ਹਨ ਅਤੇ ਸਨਿਚਰਵਾਰ ਨੂੰ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਅੰਬਾਲਾ, ਹਿਸਾਰ ਅਤੇ ਕਰਨਾਲ ਸਮੇਤ ਕਈ ਥਾਵਾਂ ’ਤੇ ਦਿਸਣ ਹੱਦ ਸਿਫ਼ਰ ’ਤੇ ਆ ਗਈ। ਚੰਡੀਗੜ੍ਹ ’ਚ ਵੀ ਸਵੇਰੇ ਸੰਘਣੀ ਧੁੰਦ ਛਾ ਗਈ।
ਇਸ ਦੌਰਾਨ ਦੋਹਾਂ ਸੂਬਿਆਂ ਦੇ ਜ਼ਿਆਦਾਤਰ ਹਿੱਸਿਆਂ ’ਚ ਠੰਢ ਦਾ ਕਹਿਰ ਜਾਰੀ ਹੈ। ਹਰਿਆਣਾ ’ਚ ਨਾਰਨੌਲ ਸੱਭ ਤੋਂ ਠੰਢਾ ਸਥਾਨ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਹਿਸਾਰ ’ਚ ਘੱਟੋ-ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਗੁਰੂਗ੍ਰਾਮ ਅਤੇ ਭਿਵਾਨੀ ’ਚ ਘੱਟੋ ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੀਂਦ ’ਚ ਵੱਧ ਤੋਂ ਵੱਧ ਤਾਪਮਾਨ 6.6 ਡਿਗਰੀ ਸੈਲਸੀਅਸ ਅਤੇ ਕਰਨਾਲ ’ਚ 7.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪੰਜਾਬ ਦੇ ਸੰਗਰੂਰ ਅਤੇ ਬਠਿੰਡਾ ’ਚ ਵੀ ਘੱਟੋ-ਘੱਟ ਤਾਪਮਾਨ ਕ੍ਰਮਵਾਰ 5.1 ਡਿਗਰੀ ਸੈਲਸੀਅਸ ਅਤੇ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ਅਤੇ ਫਰੀਦਕੋਟ ’ਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 7.3 ਡਿਗਰੀ ਸੈਲਸੀਅਸ ਅਤੇ 6.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਲੁਧਿਆਣਾ ਅਤੇ ਮੋਹਾਲੀ ’ਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 8.4 ਡਿਗਰੀ ਸੈਲਸੀਅਸ ਅਤੇ 8.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਹਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ’ਚ ਘੱਟੋ-ਘੱਟ ਤਾਪਮਾਨ 7.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।