ਅਕਾਲੀ ਵਰਕਰਾਂ ਨੇ ਥਾਣੇ ਦੇ ਬਾਹਰ ਕੀਤਾ ਪ੍ਰਦਰਸ਼ਨ
ਦੋਰਾਹਾ : ਲੁਧਿਆਣਾ ਜ਼ਿਲ੍ਹੇ ਅਧੀਨ ਆਉਂਦੇ ਖੰਨਾ ਦੇ ਦੋਰਾਹਾ ਖੇਤਰ ਵਿੱਚ ਲਗਭਗ ਡੇਢ ਵਰ੍ਹੇ ਦੀ ਬੱਚੀ ਨੂੰ ਗਾਇਬ ਕਰਨ ਦੇ ਗੰਭੀਰ ਮਾਮਲੇ ਵਿੱਚ ਪੁਲਿਸ ਨੇ ਸਾਬਕਾ ਸਰਪੰਚ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਜੀਤ ਸਿੰਘ ਉਰਫ਼ ਜੱਗੀ, ਵਾਸੀ ਪਿੰਡ ਚੰਕੋਈਆਂ ਖੁਰਦ ਨੂੰ ਗ੍ਰਿਫ਼ਤਾਰ ਕੀਤਾ ਹੈ । ਇਸ ਗ੍ਰਿਫ਼ਤਾਰੀ ਤੋਂ ਬਾਅਦ ਇਲਾਕੇ ਵਿੱਚ ਰਾਜਨੀਤਿਕ ਮਾਹੌਲ ਗਰਮਾ ਗਿਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੁਲਿਸ ਕਾਰਵਾਈ ਉੱਤੇ ਸਵਾਲ ਉਠਾਏ ਜਾ ਰਹੇ ਹਨ। ਜ਼ਿਰਕਯੋਗ ਹੈ ਕਿ ਅਕਾਲੀ ਆਗੂ ਜਗਜੀਤ ਜੱਗੀ ਨੂੰ ਪਿਛਲੇ ਸਾਲ ਖੰਨਾ ਪੁਲਿਸ ਨੇ ਨਸ਼ਾ ਤਸਕਰੀ ਅਤੇ ਹਥਿਆਰ ਸਪਲਾਈ ਮਾਮਲੇ ਵਿੱਚ ਵੀ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇਂ ਜਗਜੀਤ ਜੱਗੀ ਦੇ ਜ਼ਮੀਨੀ ਵਿਵਾਦ ਵਿੱਚ ਗੋਲੀਆਂ ਵੀ ਚੱਲੀਆਂ ਸਨ।
ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਦੇਰ ਰਾਤ ਦੋਰਾਹਾ ਪੁਲਿਸ ਚੌਕੀ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੀ ਅਗਵਾਈ ਅਕਾਲੀ ਆਗੂ ਗੁਰਪ੍ਰੀਤ ਸਿੰਘ ਲਾਪਰਾਂ ਨੇ ਕੀਤੀ। ਪ੍ਰਦਰਸ਼ਨਕਾਰੀਆਂ ਨੇ ਇਲਜ਼ਾਮ ਲਗਾਏ ਕਿ ਪੁਲਿਸ ਨੇ ਧੱਕੇਸ਼ਾਹੀ ਕੀਤੀ ਹੈ ਅਤੇ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਜੱਗੀ ਨੂੰ ਦੋਰਾਹਾ ਥਾਣੇ ਦੇ ਐਸ.ਐਚ.ਓ. ਆਕਾਸ਼ ਦੱਤ ਆਪਣੀ ਨਿੱਜੀ ਗੱਡੀ ਵਿੱਚ ਬਿਠਾ ਕੇ ਲੈ ਗਏ ਅਤੇ ਇਸ ਸਬੰਧ ਵਿੱਚ ਨਾ ਤਾਂ ਪਰਿਵਾਰ ਨੂੰ ਸੂਚਨਾ ਦਿੱਤੀ ਗਈ ਅਤੇ ਨਾ ਹੀ ਪਾਰਟੀ ਆਗੂਆਂ ਨੂੰ। ਉਨ੍ਹਾਂ ਦਾ ਇਹ ਵੀ ਇਲਜ਼ਾਮ ਹੈ ਕਿ ਦੇਰ ਰਾਤ ਤੱਕ ਪੁਲਿਸ ਵੱਲੋਂ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਪੁਲਿਸ ਚੌਕੀ ਦਾ ਗੇਟ ਬੰਦ ਕਰ ਕੇ ਉਨ੍ਹਾਂ ਨੂੰ ਅੰਦਰ ਜਾਣ ਨਹੀਂ ਦਿੱਤਾ ਗਿਆ।
ਦੂਜੇ ਪਾਸੇ ਦੋਰਾਹਾ ਥਾਣੇ ਦੇ ਐਸ.ਐਚ.ਓ. ਆਕਾਸ਼ ਦੱਤ ਨੇ ਅਕਾਲੀ ਦਲ ਦੇ ਇਲਜ਼ਾਮਾਂ ਨੂੰ ਰੱਦ ਕਰਦਿਆਂ ਕਿਹਾ ਕਿ ਪੁਲਿਸ ਨੇ ਇਹ ਕਾਰਵਾਈ ਤੱਥਾਂ ਅਤੇ ਸ਼ਿਕਾਇਤ ਦੇ ਆਧਾਰ ਉੱਤੇ ਕੀਤੀ ਹੈ। ਐਸ.ਐਚ.ਓ. ਅਨੁਸਾਰ ਦਿਲਪ੍ਰੀਤ ਸਿੰਘ ਨਾਮਕ ਵਿਅਕਤੀ ਨੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਹਨ। ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਕਦੇ ਜਗਜੀਤ ਸਿੰਘ ਜੱਗੀ ਦਾ ਦੋਸਤ ਸੀ। ਕੁਝ ਸਮੇਂ ਪਹਿਲਾਂ ਦਿਲਪ੍ਰੀਤ ਦੀ ਪਤਨੀ ਦੀ ਮੌਤ ਹੋ ਗਈ ਸੀ। ਉਸ ਸਮੇਂ ਉਸ ਦੀ ਧੀ ਲਗਭਗ 14 ਦਿਨ ਦੀ ਸੀ, ਜੋ ਹੁਣ ਲਗਭਗ ਡੇਢ ਸਾਲ ਦੀ ਹੋ ਚੁੱਕੀ ਹੈ।
ਪੁਲਿਸ ਅਨੁਸਾਰ ਦਿਲਪ੍ਰੀਤ ਸਿੰਘ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਦੀ ਪਤਨੀ ਦੀ ਮੌਤ ਤੋਂ ਬਾਅਦ ਜਗਜੀਤ ਸਿੰਘ ਜੱਗੀ ਨੇ ਉਸ ਦੀ ਧੀ ਦਾ ਪਾਲਣ-ਪੋਸ਼ਣ ਕਰਨ ਦਾ ਵਾਅਦਾ ਕੀਤਾ ਸੀ। ਪਰ ਇਲਜ਼ਾਮ ਹੈ ਕਿ ਬਾਅਦ ਵਿੱਚ ਜਗਜੀਤ ਸਿੰਘ ਜੱਗੀ ਨੇ ਉਸ ਬੱਚੀ ਨੂੰ ਕਿਸੇ ਹੋਰ ਵਿਅਕਤੀ ਨੂੰ ਦੇ ਦਿੱਤਾ ਅਤੇ ਦਿਲਪ੍ਰੀਤ ਸਿੰਘ ਨੂੰ ਆਪਣੀ ਧੀ ਨਾਲ ਮਿਲਣ ਤੱਕ ਨਹੀਂ ਦਿੱਤਾ ਜਾ ਰਿਹਾ। ਇੰਨਾ ਹੀ ਨਹੀਂ, ਜਦੋਂ ਦਿਲਪ੍ਰੀਤ ਨੇ ਆਪਣੀ ਧੀ ਵਾਪਸ ਮੰਗੀ ਤਾਂ ਉਸ ਤੋਂ ਪੈਸੇ ਵੀ ਮੰਗੇ ਗਏ।
ਇਨ੍ਹਾਂ ਇਲਜ਼ਾਮਾਂ ਦੇ ਆਧਾਰ ਉੱਤੇ ਪੁਲਿਸ ਨੇ ਦਿਲਪ੍ਰੀਤ ਸਿੰਘ ਦੇ ਬਿਆਨ ਦਰਜ ਕਰ ਲਏ ਹਨ ਅਤੇ ਮਾਮਲੇ ਵਿੱਚ ਐਫ.ਆਈ.ਆਰ. ਦਰਜ ਕਰ ਲਈ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਤਰ੍ਹਾਂ ਨਿਰਪੱਖ ਢੰਗ ਨਾਲ ਕੀਤੀ ਜਾ ਰਹੀ ਹੈ ਅਤੇ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
