
ਕਿਸਾਨ ਅੰਦੋਲਨ ਮਿੱਟੀ ਦਾ ਅੰਦੋਲਨ ਹੈ ਤੇ ਮਿੱਟੀ ਕਦੀ ਨਹੀਂ ਹਾਰਦੀ : ਮੌਲਾਨਾ ਉਸਮਾਨ ਰਹਿਮਾਨੀ
ਕਿਹਾ, ਜਦੋਂ ਕਿਸਾਨ ਫ਼ਸਲ ਬੀਜਣ ਲੱਗੇ ਸਿੱਖ, ਹਿੰਦੂ ਨਹੀਂ ਦੇਖਦਾ ਤਾਂ ਸਰਕਾਰ ਕਿਉਾ ਕਰ ਰਹੀ ਏ ਵਿਤਕਰਾ?
ਨਵੀਂ ਦਿੱਲੀ, 3 ਫ਼ਰਵਰੀ (ਹਰਦੀਪ ਸਿੰਘ ਭੋਗਲ): ਖੇਤੀ ਕਾਨੂੰਨਾਂ ਵਿਰੁਧ ਕੁੰਡਲੀ ਬਾਰਡਰ 'ਤੇ ਕਿਸਾਨ ਮੋਰਚਾ ਜਾਰੀ ਹੈ | ਇਸ ਦੌਰਾਨ ਉਸਮਾਨ ਲੁਧਿਆਣਵੀ ਅਪਣੇ ਕਾਫ਼ਲੇ ਨਾਲ ਦਿੱਲੀ ਬਾਰਡਰ ਪਹੁੰਚੇ | 26 ਜਨਵਰੀ ਦੀ ਘਟਨਾ ਬਾਰੇ ਗੱਲ ਕਰਦਿਆਂ ਮੌਲਾਨਾ ਉਸਮਾਨ ਰਹਿਮਾਨੀ ਨੇ ਕਿਹਾ ਕਿ ਨੈਸ਼ਨਲ ਮੀਡੀਆ, ਦਿੱਲੀ ਪੁਲਿਸ ਅਤੇ ਕੁੱਝ ਸਰਕਾਰੀ ਲੋਕਾਂ ਨੇ ਮਿਲ ਕੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਸਾਜ਼ਸ਼ ਰਚੀ | ਪੂਰੀ ਦੁਨੀਆਂ ਨੂੰ ਇਹੀ ਦਿਖਾਇਆ ਗਿਆ ਕਿ ਕਿਸਾਨ ਦੇਸ਼ ਵਿਰੋਧੀ ਹਨ |
ਇਸ ਤੋਂ ਬਾਅਦ ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਪੂਰੇ ਦੇਸ਼ ਨੂੰ ਕਿਸਾਨੀ ਅੰਦੋਲਨ ਨਾਲ ਜੋੜ ਦਿਤਾ | ਉਨ੍ਹਾਂ ਕਿਹਾ ਜਦੋਂ ਕਿਸਾਨ ਜ਼ਮੀਨ ਵਿਚ ਬੀਜ ਬੀਜਦਾ ਹੈ ਤਾਂ ਉਹ ਇਹ ਤੈਅ ਨਹੀਂ ਕਰਦਾ ਕਿ ਇਸ ਫ਼ਸਲ ਨੂੰ ਹਿੰਦੂ ਖਾਵੇਗਾ ਜਾਂ ਮੁਸਲਮਾਨ ਖਾਵੇਗਾ | ਜੇਕਰ ਕਿਸਾਨ ਵੰਡਣ ਵੇਲੇ ਵਿਤਕਰਾ ਨਹੀਂ ਕਰਦਾ ਤਾਂ ਸਰਕਾਰ ਕਿਉਾ ਵਿਤਕਰਾ ਕਰ ਰਹੀ ਹੈ? ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਇਹੀ ਦਸਣ ਮੋਰਚੇ ਵਿਚ ਪਹੁੰਚੇ ਹਨ ਕਿ ਕਿਸਾਨ ਅੰਦੋਲਨ ਕਿਸੇ ਇਕ ਦਾ ਨਹੀਂ | ਕਿਸਾਨ ਅੰਦੋਲਨ ਮਿੱਟੀ ਦਾ ਅੰਦੋਲਨ ਹੈ ਤੇ ਮਿੱਟੀ ਕਦੀ ਨਹੀਂ ਹਾਰਦੀ | ਮੌਲਾਨਾ ਉਸਮਾਨ ਰਹਿਮਾਨੀ ਨੇ ਕਿਹਾ ਜਦੋਂ ਮੁਸਲਿਮ ਕਹਿੰਦੇ ਹਨ ਕਿ ਸਰਕਾਰ ਗ਼ਲਤ ਕਰ ਰਹੀ ਹੈ ਤਾਂ ਉਸ ਨੂੰ ਪਾਕਿਸਤਾਨੀ ਕਿਹਾ ਜਾਂਦਾ ਹੈ | ਜੇਕਰ ਸਿੱਖ ਅਜਿਹਾ ਕਰੇ ਤਾਂ ਉਸ ਨੂੰ ਖ਼ਾਲਿਸਤਾਨੀ ਕਿਹਾ ਜਾਂਦਾ ਹੈ |
ਇਸ ਨਾਲ ਸਰਕਾਰ ਅਪਣੇ ਹੀ ਦੇਸ਼ ਦੀ ਜਨਤਾ ਨੂੰ ਬਦਨਾਮ ਕਰ ਰਹੀ ਹੈ | ਪੁਲਿਸ ਵਲੋਂ ਦਿੱਲੀ ਬਾਰਡਰ 'ਤੇ ਕੀਤੀ ਗਈ ਬੈਰੀਕੇਡਿੰਗ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਦਾ ਕੰਮ ਕਿਰਤ ਕਰਨਾ ਹੈ | ਕਿਸਾਨ ਫੁੱਲ ਉਗਾਉਾਦਾ ਹੈ ਅਤੇ ਪੁਲਿਸ ਦਾ ਕੰਮ ਕੰਢੇ ਉਗਾਉਣਾ ਹੈ |