
ਕਰਜ਼ਦਾਰਾਂ ਲਈ ਮੁੜ ਤੈਅ ਕੀਤੀ ਬਕਾਇਆ ਰਕਮ ਦਾ 20 ਫ਼ੀ ਸਦੀ ਭੁਗਤਾਨ ਕਰਨ '
ਤੇ ਪੂਰਾ ਦੰਡਿਤ ਵਿਆਜ ਮਾਫ਼ ਕੀਤਾ ਜਾਵੇਗਾ : ਰੰਧਾਵਾ
ਚੰਡੀਗੜ੍ਹ, 3 ਫ਼ਰਵਰੀ (ਸੱਤੀ): ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (ਪੀ.ਏ.ਬੀ.ਡੀ.) ਵਲੋਂ ਡਿਫ਼ਾਲਟਰ ਕਰਜ਼ਦਾਰਾਂ ਲਈ ਕਰਜ਼ਾ ਪੁਨਰਗਠਨ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਕਰਜ਼ਦਾਰਾਂ ਲਈ ਮੁੜ ਤੈਅ ਕੀਤੀ ਬਕਾਇਆ ਰਕਮ ਦਾ 20 ਫ਼ੀ ਸਦੀ ਭੁਗਤਾਨ ਕਰਨ 'ਤੇ ਪੂਰਾ ਦੰਡਿਤ ਵਿਆਜ ਮੁਆਫ਼ ਕੀਤਾ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਦਸਿਆ ਕਿ ਬੈਂਕ ਨੇ ਡਿਫ਼ਾਲਟਰ ਕਰਜ਼ਦਾਰਾਂ ਲਈ ਕਰਜ਼ਾ ਪੁਨਰਗਠਨ ਸਕੀਮ ਸ਼ੁਰੂ ਕੀਤੀ ਹੈ ਜੋ ਪਿਛਲੇ ਕੁੱਝ ਸਾਲਾਂ ਤੋਂ ਅਪਣੀ ਮਾੜੀ ਵਿੱਤੀ ਸਥਿਤੀ ਕਾਰਨ ਅਪਣੀਆਂ ਕਿਸਤਾਂ ਦਾ ਭੁਗਤਾਨ ਨਹੀਂ ਕਰ ਸਕੇ | ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਤਹਿਤ ਕਰਜ਼ਾ ਲੈਣ ਵਾਲੇ ਡਿਫ਼ਾਲਟਰਾਂ ਦੇ ਲੋਨ ਖਾਤਿਆਂ ਨੂੰ ਮੁੜ ਸੂਚੀਬੱਧ ਕੀਤਾ ਜਾਵੇਗਾ ਜਿਸ ਨਾਲ ਉਹ ਅਪਣਾ ਕਰਜ਼ਾ ਆਸਾਨ ਕਿਸ਼ਤਾਂ 'ਚ ਵਾਪਸ ਕਰ ਸਕਣਗੇ ਅਤੇ ਉਨ੍ਹਾਂ ਨੂੰ ਕਰਜ਼ੇ ਦੀ ਵਸੂਲੀ ਲਈ ਬੈਂਕ ਵਲੋਂ ਆਰੰਭੀ ਕਾਨੂੰਨੀ ਕਾਰਵਾਈ ਤੋਂ ਰਾਹਤ ਮਿਲੇਗੀ |