
ਪਾਰਟੀ 'ਚ ਟੁੱਟ ਦੇ ਡਰ ਤੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨ ਵਿਚ ਦੇਰੀ ਕਰ ਰਹੀ ਹੈ ਕਾਂਗਰਸ : ਭਗਵੰਤ ਮਾਨ
ਕਾਂਗਰਸ ਨੂੰ ਡਰ ਹੈ ਕਿ ਜੇਕਰ ਮੁੱਖ ਮੰਤਰੀ ਚਿਹਰਾ ਐਲਾਨ ਕੀਤਾ ਤਾਂ ਵਿਰੋਧੀ ਧੜੇ ਦੇ ਉਮੀਦਵਾਰ ਨਾਮਜ਼ਦਗੀਆਂ ਵਾਪਸ ਲੈ ਲੈਣਗੇ
ਚੰਡੀਗੜ੍ਹ, 3 ਫ਼ਰਵਰੀ (ਸਸਸ): ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਾਂਗਰਸ 'ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਕਾਂਗਰਸ ਪਾਰਟੀ 'ਚ ਟੁੱਟ ਦੇ ਡਰ ਕਾਰਨ ਪੰਜਾਬ ਵਿਚ ਅਪਣੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ਵਿਚ ਦੇਰ ਕਰ ਰਹੀ ਹੈ | ਕਾਂਗਰਸ ਹਾਰ ਦੇ ਡਰ ਤੋਂ ਬੌਖਲਾ ਗਈ ਹੈ | ਉਨ੍ਹਾਂ ਨੂੰ ਕੁੱਝ ਵੀ ਸੁਝ ਨਹੀਂ ਰਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਕਿਸ ਨੂੰ ਬਣਾਇਆ ਜਾਵੇ |
ਕਾਂਗਰਸ ਹਾਈਕਮਾਂਡ ਅਜੇ ਵੀ ਇਸ ਸ਼ੰਕੇ ਵਿਚ ਹੈ ਕਿ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਨਾਂ ਦਾ ਐਲਾਨ ਕਰੇ ਜਾਂ ਦੂਜੇ ਸੂਬਿਆਂ ਵਾਂਗ ਪੰਜਾਬ ਵਿਚ ਵੀ ਦੋ-ਤਿੰਨ ਨੇਤਾਵਾਂ ਦੇ ਨਾਂ 'ਤੇ ਚੋਣ ਲੜੇ |
ਪਾਰਟੀ ਹੈੱਡਕੁਆਰਟਰ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਮੂਡ ਦੇਖ ਕੇ ਕਾਂਗਰਸ ਚਿੰਤਾ ਵਿਚ ਡੁੱਬ ਗਈ ਹੈ | ਸਾਰੇ ਮੀਡੀਆ ਸਰਵੇਖਣਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਦੇਖ ਕਾਂਗਰਸ ਬੌਖਲਾ ਗਈ ਹੈ ਅਤੇ ਪਾਰਟੀ ਵਿਚ ਫੁੱਟ ਕਾਰਨ ਅਪਣੇ ਕਿਸੇ ਵੀ ਆਗੂ ਨੂੰ ਸਿੱਧੇ ਤੌਰ 'ਤੇ ਅੱਗੇ ਨਹੀਂ ਕਰ ਰਹੀ | ਭਗਵੰਤ ਮਾਨ ਨੇ ਕਿਹਾ ਕਿ 5 ਫ਼ਰਵਰੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਆਖ਼ਰੀ ਦਿਨ ਹੈ | ਇਸੇ ਲਈ ਕਾਂਗਰਸ ਨੇ ਅਪਣੇ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਲਈ 6 ਫ਼ਰਵਰੀ ਦਾ ਦਿਨ ਰਖਿਆ ਹੈ | ਕਾਂਗਰਸ ਨੂੰ ਡਰ ਹੈ ਕਿ ਜੇਕਰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਨਾਂ ਦਾ ਐਲਾਨ ਪਹਿਲਾਂ ਕਰ ਦਿਤਾ ਗਿਆ ਤਾਂ ਉਨ੍ਹਾਂ ਦੀ ਪਾਰਟੀ (ਕਾਂਗਰਸ) ਵਿਚ ਵਿਰੋਧੀ ਧੜਿਆਂ ਦੇ ਉਮੀਦਵਾਰ ਵੱਡੀ ਗਿਣਤੀ ਅਪਣੀਆਂ ਨਾਮਜ਼ਦਗੀਆਂ ਵਾਪਸ ਲੈ ਲੈਣਗੇ ਅਤੇ ਉਮੀਦਵਾਰੀ ਛੱਡ ਦੇਣਗੇ |
ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਲਈ ਕਾਂਗਰਸ ਦੇ ਸਰਵੇ 'ਤੇ ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਚੁਣਨ ਲਈ ਆਮ ਆਦਮੀ ਪਾਰਟੀ ਵਲੋਂ ਜਨਤਾ ਤੋਂ ਲਈ ਗਈ ਰਾਇ 'ਤੇ ਕਾਂਗਰਸੀ ਆਗੂ ਸਵਾਲ ਚੁਕਦੇ ਸਨ ਅਤੇ ਇਸ ਨੂੰ ਫ਼ਰਜ਼ੀ ਦਸਦੇ ਸਨ | ਹੁਣ ਆਮ ਆਦਮੀ ਪਾਰਟੀ ਦੀ ਨਕਲ ਕਰ ਕੇ ਕਾਂਗਰਸ ਖ਼ੁਦ ਸਰਵੇ ਕਰਵਾ ਰਹੀ ਹੈ | ਕਾਂਗਰਸ ਹਰ ਮਾਮਲੇ ਵਿਚ ਪਹਿਲਾਂ ਸਾਡੇ 'ਤੇ ਸਵਾਲ ਕਰਦੀ ਹੈ, ਫਿਰ ਸਾਡੀ ਨਕਲ ਕਰਦੀ ਹੈ | ਭਗਵੰਤ ਮਾਨ ਨੇ ਕਿਹਾ ਕਿ ਹੁਣ ਲੋਕਾਂ ਨੇ ਕਾਂਗਰਸ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ | ਪੰਜਾਬ ਦੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਲਈ ਪੂਰੀ ਤਰ੍ਹਾਂ ਦਿ੍ੜ ਹਨ |