
ਸਾਡੀ ਸਰਕਾਰ ਆਉਣ 'ਤੇ ਪੰਜਾਬ ਦੇ ਸਾਰੇ 12000 ਪਿੰਡਾਂ ਦਾ ਬੁਨਿਆਦੀ ਢਾਂਚਾ ਸੁਧਰੇਗਾ : ਸੁਖਬੀਰ ਸਿੰਘ ਬਾਦਲ
ਬਠਿੰਡਾ, 3 ਫ਼ਰਵਰੀ (ਬਲਵਿੰਦਰ ਸ਼ਰਮਾ): ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਅਕਾਲੀ-ਬਸਪਾ ਸਰਕਾਰ ਦੇ ਸੱਤਾ ਵਿਚ ਆਉਣ 'ਤੇ ਪੰਜਾਬ ਦੇ ਸਾਰੇ 12000 ਪਿੰਡਾਂ ਵਿਚ ਕੰਕ੍ਰੀਟ ਸੜਕਾਂ ਬਣਾਉਣ, ਪੀਣ ਵਾਲਾ ਸਾਫ਼ ਪਾਣੀ ਤੇ ਸੀਵਰੇਜ ਸਹੂਲਤਾਂ ਪ੍ਰਦਾਨ ਕਰਨ ਲਈ ਇਕ ਵਿਆਪਕ ਪ੍ਰਾਜੈਕਟ ਲਿਆਵੇਗੀ |
ਸ. ਬਾਦਲ ਬਠਿੰਡਾ ਦਿਹਾਤੀ ਤੋਂ ਅਕਾਲੀ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਅਤੇ ਭੁੱਚੋ ਮੰਡੀ ਤੋਂ ਦਰਸ਼ਨ ਸਿੰਘ ਕੋਟਫੱਤਾ ਦੇ ਹੱਕ ਵਿਚ ਰਖੀਆਂ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਕੋਲ ਟਿਊਬਵੈੱਲ ਕੁਨੈਕਸ਼ਨ ਨਹੀਂ ਹਨ, ਉਨ੍ਹਾਂ ਨੂੰ ਸਰਕਾਰ ਬਣਨ ਦੇ ਇਕ ਮਹੀਨੇ ਦੇ ਅੰਦਰ-ਅੰਦਰ ਕੁਨੈਕਸ਼ਨ ਦਿਤੇ ਜਾਣਗੇ ਤੇ ਨਾਲ ਹੀ ਉਨ੍ਹਾਂ ਸਾਰੇ ਬੇਘਰੇ ਲੋਕਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦੇਣ ਦਾ ਵੀ ਐਲਾਨ ਕੀਤਾ | ਪ੍ਰਾਜੈਕਟ ਮੁਤਾਬਕ ਸਰਕਾਰ ਸ਼ਾਮਲਾਟ ਜ਼ਮੀਨਾਂ ਖ਼ਰੀਦ ਕੇ ਬੇਘਰਿਆਂ ਨੂੰ ਦੇਵੇਗੀ | ਉਨ੍ਹਾਂ 'ਆਪ' ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ 'ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਨਿੱਤ ਤੇ ਸ਼ਰਾਬੀ ਅਤੇ ਅਪਣੀ ਮਾਂ ਦੀ ਝੂਠੀ ਸਹੁੰ ਖਾਣ ਵਾਲੇ ਵਿਅਕਤੀ 'ਤੇ ਕੋਈ ਕਿਵੇਂ ਵਿਸ਼ਵਾਸ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਤੁਸੀਂ ਬਠਿੰਡਾ ਅਤੇ ਆਸ-ਪਾਸ ਪਿਛਲੀ ਅਕਾਲੀ ਦਲ ਸਰਕਾਰ ਵੇਲੇ ਹੋਇਆ ਵਿਕਾਸ ਦੇਖਿਆ ਹੈ | ਇਥੇ ਏਮਜ਼, ਸੈਂਟਰਲ ਯੂਨੀਵਰਸਿਟੀ, ਥਰਮਲ ਪਲਾਂਟ ਵੀ ਲੱਗੇ | ਕਿਵੇਂ ਇਲਾਕੇ ਵਿਚ ਰਿਫਾਇਨਰੀ ਲੱਗਣ ਨਾਲ ਇਲਾਕੇ ਵਿਚ ਖ਼ੁਸ਼ਹਾਲੀ ਆਈ ਹੈ | ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਅਕਾਲੀ-ਬਸਪਾ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਜੇਤੂ ਬਣਾਉ ਤਾਕਿ ਪੰਜਾਬ ਵਿਚ ਅਕਾਲੀ-ਬਸਪਾ ਗਠਜੋੜ ਦੀ ਇਕ ਮਜ਼ਬੂਤ ਸਰਕਾਰ ਬਣਾਈ ਜਾ ਸਕੇ |