
ਦਿੱਲੀ ’ਚ ਮੁੜ ਖੁਲ੍ਹਣਗੇ ਸਕੂਲ, ਕਾਰਾਂ ’ਚ ਇਕੱਲੇ ਯਾਤਰਾ ਕਰਨ ਵਾਲਿਆਂ ਨੂੰ ਮਾਸਕ ਤੋਂ ਛੋਟ
ਨਵੀਂ ਦਿੱਲੀ, 4 ਫ਼ਰਵਰੀ : ਰਾਸਟਰੀ ਰਾਜਧਾਨੀ ਦਿੱਲੀ ’ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ’ਚ ਕਮੀ ਆਉਣ ਤੋਂ ਬਾਅਦ ਸਕੂਲ, ਕਾਲਜ ਅਤੇ ਕੋਚਿੰਗ ਇੰਸਟੀਚਿਊਟ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ। ਉਥੇ ਹੀ, ਕਾਰਾਂ ’ਚ ਇਕੱਲੇ ਯਾਤਰਾ ਕਰਨ ਵਾਲੇ ਡਰਾਈਵਰਾਂ ਨੂੰ ਮਾਸਕ ਪਹਿਨਣ ਤੋਂ ਛੋਟ ਦਿਤੀ ਗਈ ਹੈ। ਇਸ ਦੇ ਨਾਲ ਹੀ ਦਿੱਲੀ ਡਿਜਾਸਟਰ ਮੈਨੇਜਮੈਂਟ ਅਥਾਰਟੀ (ਡੀਡੀਐਮਏ) ਦੀ ਬੈਠਕ ’ਚ ਦਿੱਲੀ ’ਚ ਜਿਮ ਖੋਲ੍ਹਣ ’ਤੇ ਵੀ ਸਹਿਮਤੀ ਬਣੀ ਹੈ। ਡੀਡੀਐਮਏ ਦੀ ਬੈਠਕ ’ਚ ਦਿੱਲੀ ’ਚ ਰਾਤਰੀ ਕਰਫ਼ਿਊ ਨਾ ਹਟਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਹਾਲਾਂਕਿ ਇਸ ਦਾ ਸਮਾਂ ਇਕ ਘੰਟਾ ਘਟਾ ਦਿਤਾ ਗਿਆ ਹੈ। ਹੁਣ ਦਿੱਲੀ ਵਿਚ ਰਾਤ ਦਾ ਕਰਫ਼ਿਊ ਰਾਤ 11 ਵਜੇ ਤੋਂ ਸਵੇਰੇ 5 ਵਜੇ ਤਕ ਰਹੇਗਾ। ਪਹਿਲਾਂ ਰਾਤ ਦਾ ਕਰਫ਼ਿਊ ਰਾਤ 10 ਵਜੇ ਸ਼ੁਰੂ ਹੋ ਜਾਂਦਾ ਸੀ। ਦਿੱਲੀ ਵਿਚ ਉੱਚ ਸਿਖਿਆ ਸੰਸਥਾਵਾਂ ਐਸਓਪੀ ਦੇ ਤਹਿਤ ਖੁਲ੍ਹਣਗੀਆਂ ਅਤੇ ਕੋਵਿਡ ਦੇ ਢੁਕਵੇਂ ਵਿਵਹਾਰ ਦੀ ਸਖ਼ਤੀ ਨਾਲ ਪਾਲਣਾ ਕਰਨਗੀਆਂ। ਇਸ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਵਿਚ ਸਕੂਲ ਪੜਾਅਵਾਰ ਖੋਲ੍ਹੇ ਜਾਣਗੇ। ਇਸ ਵਿਚ ਸੱਭ ਤੋਂ ਪਹਿਲਾਂ 9ਵੀਂ ਤੋਂ 12ਵੀਂ ਜਮਾਤ ਦੇ ਸਕੂਲ 7 ਫ਼ਰਵਰੀ ਤੋਂ ਖੁਲ੍ਹਣਗੇ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ੁਕਰਵਾਰ ਨੂੰ ਐਲਾਨ ਕੀਤਾ ਕਿ ਕਮੇਟੀ ਨੇ 14 ਫ਼ਰਵਰੀ ਤੋਂ ਨਰਸਰੀ ਤੋਂ ਅੱਠਵੀਂ ਤਕ ਦੀ ਜਮਾਤਾਂ ਮੁੜ ਸ਼ੁਰੂ ਕਰਨ ਦਾ ਵੀ ਫ਼ੈਸਲਾ ਕੀਤਾ ਹੈ। ਸਿਸੋਦੀਆ ਨੇ ਕਿਹਾ ਕਿ ਜਿਨ੍ਹਾਂ ਅਧਿਆਪਕਾਂ ਦਾ ਟੀਕਾਕਰਨ ਨਹੀਂ ਹੋਇਆ ਹੈ, ਉਨ੍ਹਾਂ ਨੂੰ ਸਕੂਲ ਆਉਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ।
ਡੀਡੀਐਮਏ ਦੀ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਜੇਕਰ ਕੋਈ ਵਿਅਕਤੀ ਕਾਰ ਵਿਚ ਇਕੱਲਾ ਹੀ ਗੱਡੀ ਚਲਾ ਰਿਹਾ ਹੈ ਤਾਂ ਉਸ ਨੂੰ ਮਾਸਕ ਪਾਉਣ ਦੀ ਲੋੜ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਕਾਰ ’ਚ ਸਫ਼ਰ ਕਰਦੇ ਸਮੇਂ ਮਾਸਕ ਪਹਿਨਣ ਦੇ ਨਿਯਮ ’ਤੇ ਵਡੀ ਟਿਪਣੀ ਕੀਤੀ ਸੀ ਅਤੇ ਇਸ ਨੂੰ ਬੇਤੁਕਾ ਕਰਾਰ ਦਿਤਾ ਸੀ।
ਡੀਡੀਐਮਏ ਦੀ ਬੈਠਕ ’ਚ ਦਫ਼ਤਰਾਂ ਨੂੰ ਲੈ ਕੇ ਵੀ ਵਡਾ ਫ਼ੈਸਲਾ ਲਿਆ ਗਿਆ ਅਤੇ ਦਿੱਲੀ ’ਚ ਦਫ਼ਤਰਾਂ ਨੂੰ 100 ਫ਼ੀ ਸਦੀ ਹਾਜ਼ਰੀ ਨਾਲ ਕੰਮ ਕਰਨ ਦੀ ਇਜਾਜ਼ਤ ਦਿਤੀ ਗਈ ਹੈ। ਦੱਸਣਯੋਗ ਹੈ ਕਿ 3 ਜਨਵਰੀ ਤੋਂ ਦੇਸ਼ ਭਰ ਵਿਚ 15 ਤੋਂ 17 ਸਾਲ ਦੇ ਨੌਜਵਾਨਾਂ ਲਈ ਕੋਵਿਡ-19 ਟੀਕਾਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਇਸ ਦੇ ਨਾਲ ਹੀ, ਦਿੱਲੀ ਸਰਕਾਰ ਤੋਂ 2 ਫ਼ਰਵਰੀ ਨੂੰ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ਵਿਚ 15 ਤੋਂ 17 ਸਾਲ ਦੀ ਉਮਰ ਦੇ 13,795 ਨੌਜਵਾਨਾਂ ਦਾ ਟੀਕਾਕਰਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦਿੱਲੀ ਸਰਕਾਰ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ 2 ਫ਼ਰਵਰੀ ਤਕ 15 ਤੋਂ 17 ਸਾਲ ਦੀ ਉਮਰ ਦੇ ਅੱਠ ਲੱਖ 28 ਹਜ਼ਾਰ 785 ਨੌਜਵਾਨ ਟੀਕਾ ਲਗਵਾ ਚੁਕੇ ਹਨ। (ਏਜੰਸੀ)