
Punjab News : ਕਿਰਤ ਮੰਤਰੀ ਨੇ ਈ-ਸ਼੍ਰਮ ਅਧੀਨ ਰਜਿਸਟਰਡ ਕਾਮਿਆਂ ਨੂੰ ਮੈਡੀਕਲ ਬੀਮਾ, ਪੈਨਸ਼ਨ ਅਤੇ ਹੋਰ ਲਾਭ ਦੇਣ ਦੀ ਕੀਤੀ ਵਕਾਲਤ
Punjab News in Punjabi : ਪੰਜਾਬ ਦੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਹੈ ਕਿ ਕਿਰਤ ਵਿਭਾਗ ਨੇ ਭਾਰਤ ਸਰਕਾਰ ਵੱਲੋਂ ਅਸੰਗਠਿਤ ਕਾਮਿਆਂ ਦੀ ਰਜਿਸਟਰੇਸ਼ਨ ਲਈ ਸ਼ੁਰੂ ਕੀਤੇ ਗਏ ਈ-ਸ਼੍ਰਮ ਪੋਰਟਲ ’ਤੇ 57,75,402 ਕਾਮਿਆਂ ਨੂੰ ਰਜਿਸਟਰ ਕੀਤਾ ਹੈ। ਹਾਲ ਹੀ ਵਿੱਚ, ਸੌਂਦ ਨੇ ਨਵੀਂ ਦਿੱਲੀ ਵਿਖੇ ਕਿਰਤ ਮੰਤਰੀਆਂ ਅਤੇ ਕਿਰਤ ਸਕੱਤਰਾਂ ਦੇ ਦੋ-ਰੋਜ਼ਾ ਸੰਮੇਲਨ ਮੌਕੇ ਈ-ਸ਼੍ਰਮ ਅਧੀਨ ਰਜਿਸਟਰਡ ਕਾਮਿਆਂ ਨੂੰ ਮੈਡੀਕਲ ਬੀਮਾ, ਉਨ੍ਹਾਂ ਦੇ ਬੱਚਿਆਂ ਲਈ ਵਜ਼ੀਫ਼ਾ ਅਤੇ ਸੇਵਾਮੁਕਤੀ ਤੋਂ ਬਾਅਦ ਪੈਨਸ਼ਨ ਲਾਭ ਪ੍ਰਦਾਨ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਪੰਜਾਬ ਬਿਲਡਿੰਗ ਅਤੇ ਹੋਰ ਉਸਾਰੀ ਕਾਮੇ ਭਲਾਈ ਬੋਰਡ ਵੱਲੋਂ ਉਸਾਰੀ ਕਾਮਿਆਂ ਦੀ ਸਹੂਲਤ ਲਈ ਰਜਿਸਟਰੇਸ਼ਨ ਫਾਰਮ ਨੂੰ ਆਸਾਨ ਬਣਾਉਣ ਅਤੇ ਫਾਰਮ ਨੰਬਰ 27 ਦਾ ਪੰਜਾਬੀ ਵਿੱਚ ਅਨੁਵਾਦ ਵਰਗੇ ਕਈ ਸੁਧਾਰ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਾਮੇ ਦੀ ਅਰਜ਼ੀ ’ਤੇ ਕੋਈ ਇਤਰਾਜ਼ ਲੱਗਦਾ ਹੈ ਤਾਂ ਸਬੰਧਤ ਉਸਾਰੀ ਕਾਮੇ ਨੂੰ ਇਸ ਸੰਬੰਧੀ ਐਸ.ਐਮ.ਐਸ. ਭੇਜਿਆ ਜਾਂਦਾ ਹੈ। ਇਸ ਦੇ ਨਾਲ ਹੀ ਹੁਣ ਕਿਰਤ ਇੰਸਪੈਕਟਰਾਂ ਨੂੰ ਅਰਜ਼ੀ ਪ੍ਰਾਪਤ ਹੋਣ ਦੇ 14 ਦਿਨਾਂ ਦੇ ਅੰਦਰ ਰਜਿਸਟਰੇਸ਼ਨ/ਨਵੀਨੀਕਰਨ ਅਰਜ਼ੀ ’ਤੇ ਕਾਰਵਾਈ ਕਰਨ ਦੀ ਹਦਾਇਤ ਹੈ।
ਸੌਂਦ ਨੇ ਕਿਹਾ ਕਿ ਪੰਜਾਬ ਬਿਲਡਿੰਗ ਅਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਨੇ ਵਜ਼ੀਫ਼ਾ ਯੋਜਨਾ, ਐਲ.ਟੀ.ਸੀ. ਯੋਜਨਾ ਅਤੇ ਸ਼ਗਨ ਯੋਜਨਾ ਸਮੇਤ ਵੱਖ-ਵੱਖ ਭਲਾਈ ਯੋਜਨਾਵਾਂ ਦੇ ਨਿਯਮਾਂ ਅਤੇ ਸ਼ਰਤਾਂ ਨੂੰ ਵੀ ਆਸਾਨ ਬਣਾਇਆ ਹੈ। ਉਨ੍ਹਾਂ ਅੱਗੇ ਦੱਸਿਆ ਕਿ, ਹੁਣ ਤੱਕ ਵਿੱਤੀ ਸਾਲ 2024-2025 ਦੌਰਾਨ ਵੱਖ-ਵੱਖ ਭਲਾਈ ਯੋਜਨਾਵਾਂ ਤਹਿਤ 19,055 ਕਾਮਿਆਂ ਨੂੰ ਕੁੱਲ 31.71 ਕਰੋੜ ਰੁਪਏ ਵੰਡੇ ਗਏ ਹਨ। ਇਸੇ ਤਰ੍ਹਾਂ ਮੌਜੂਦਾ ਵਿੱਤੀ ਸਾਲ ਦੌਰਾਨ ਉਸਾਰੀ ਕਾਮਿਆਂ ਵਿੱਚ ਕੁੱਲ 19.53 ਕਰੋੜ ਰੁਪਏ ਵੰਡੇ ਗਏ ਹਨ।
ਕਿਰਤ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਵਿੱਚ ਪੰਜਾਬ ਕਿਰਤ ਭਲਾਈ ਬੋਰਡ ਨੇ 5980 ਲਾਭਪਾਤਰੀਆਂ ਵਿੱਚ ਕੁੱਲ 15.36 ਕਰੋੜ ਰੁਪਏ ਦੀ ਵੰਡ ਕੀਤੀ ਹੈ। ਉਨ੍ਹਾਂ ਕਿਹਾ ਕਿ ਲਾਭਪਾਤਰੀ ਕਾਰਡਾਂ ਅਤੇ ਭਲਾਈ ਸਕੀਮਾਂ ਦੀ ਰਜਿਸਟਰੇਸ਼ਨ/ਨਵੀਨੀਕਰਨ ਵਿੱਚ ਕਿਰਤੀਆਂ ਦੀਆਂ ਅਰਜ਼ੀਆਂ ’ਤੇ ਲੱਗੇ ਇਤਰਾਜ਼ਾਂ ਨੂੰ ਹੱਲ ਕਰਨ ਵਿੱਚ ਸਹਾਇਤਾ ਕਰਨ ਲਈ ਸਹਾਇਕ ਕਮਿਸ਼ਨਰ/ਕਿਰਤ ਅਧਿਕਾਰੀ ਦੇ ਦਫ਼ਤਰਾਂ ਵਿੱਚ ਹੈਲਪ ਡੈਸਕ ਵੀ ਬਣਾਏ ਗਏ ਹਨ।
(For more news apart from Punjab registers 57,75,402 workers on e-shram portal : Saund News in Punjabi, stay tuned to Rozana Spokesman)