
ਕਈ ਖੇਤਰਾਂ ’ਚ ਹੁਨਰਮੰਦ ਨੌਜਵਾਨਾਂ ਲਈ ਖੁਲ੍ਹ ਰਹੇ ਨੇ ਦਰਵਾਜ਼ੇੇ: ਮੋਦੀ
ਸਿਖਿਆ ਖੇਤਰ ਲਈ ਬਜਟ ਤਜਵੀਜ਼ਾਂ ਦੇ ਅਮਲ ’ਤੇ ਇਕ ਵੈਬਿਨਾਰ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ, 3 ਮਾਰਚ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਕਿਹਾ ਕਿ ਪੁਲਾੜ, ਪਰਮਾਣੂ ਊਰਜਾ ਅਤੇ ਖੇਤੀ ਵਰਗੇ ਕਈ ਖੇਤਰਾਂ ਵਿਚ ਹੁਨਰਮੰਦ ਨੌਜਵਾਨਾਂ ਲਈ ਦਰਵਾਜ਼ੇ ਖੁਲ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਗਿਆਨ ਅਤੇ ਖੋਜ ਨੂੰ ਸੀਮਤ ਕਰਨਾ ਦੇਸ਼ ਦੀਆਂ ਸੰਭਾਵਨਾਵਾਂ ਨਾਲ ਵੱਡੀ ਬੇਇਨਸਾਫ਼ੀ ਹੈ।
ਦਰਅਸਲ, ਪ੍ਰਧਾਨ ਮੰਤਰੀ ਮੋਦੀ ਸਿਖਿਆ ਖੇਤਰ ਲਈ ਬਜਟ ਤਜਵੀਜ਼ਾਂ ਦੇ ਅਮਲ ’ਤੇ ਇਕ ਵੈਬਿਨਾਰ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਨਵੀਂ ਰਾਸ਼ਟਰੀ ਸਿਖਿਆ ਨੀਤੀ ਨੇ ਸਥਾਨਕ ਭਾਸ਼ਾ ਦੀ ਵਰਤੋਂ ਨੂੰ ਉਤਸ਼ਾਹਤ ਕੀਤਾ ਹੈ। ਹੁਣ ਇਹ ਸਾਰੇ ਭਾਸ਼ਾ ਵਿਗਿਆਨੀਆਂ ਅਤੇ ਹਰ ਭਾਸ਼ਾ ਦੇ ਮਾਹਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਭਾਰਤੀ ਭਾਸ਼ਾਵਾਂ ’ਚ ਦੇਸ਼ ਅਤੇ ਦੁਨੀਆਂ ਦੀ ਵਧੀਆ ਸਮੱਗਰੀ ਉਪਲੱਬਧ ਕਰਵਾਏ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਤਕਨਾਲੋਜੀ ਦੇ ਇਸ ਯੁੱਗ ਵਿਚ, ਇਹ ਯਕੀਨੀ ਰੂਪ ਨਾਲ ਸੰਭਵ ਹੈ। ਉਨ੍ਹਾਂ ਕਿਹਾ ਕਿ ਸਿਖਿਆ, ਹੁਨਰ, ਖੋਜ ਅਤੇ ਨਵੀਨਤਾ ’ਤੇ ਬਜਟ ਵਿਚ ਸਿਹਤ ਤੋਂ ਬਾਅਦ ਸੱਭ ਤੋਂ ਵੱਧ ਧਿਆਨ ਦਿਤਾ ਹੈ। ਕੇਂਦਰੀ ਬਜਟ ਨੇ ਸਿਖਿਆ ਨੂੰ ਰੁਜ਼ਗਾਰ ਅਤੇ ਉੱਦਮੀ ਸੰਭਾਵਨਾ ਨਾਲ ਜੋੜਨ ਦੇ ਸਾਡੇ ਯਤਨਾਂ ਨੂੰ ਵਿਸ਼ਾਲ ਕੀਤਾ ਹੈ। ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ ਭਾਰਤ ਅੱਜ ਵਿਗਿਆਨਕ ਪ੍ਰਕਾਸ਼ਨਾਂ ਦੇ ਮਾਮਲੇ ਵਿਚ ਉੱਚ ਤਿੰਨ ਦੇਸ਼ਾਂ ਵਿਚ ਸ਼ਾਮਲ ਹੈ।
ਮੋਦੀ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਦਾ ਨਿਰਮਾਣ ਕਰਨ ਲਈ ਦੇਸ਼ ਦੇ ਨੌਜਵਾਨਾਂ ’ਚ ਆਤਮ ਵਿਸ਼ਵਾਸ ਮਹੱਤਵਪੂਰਨ ਹੈ। ਇਹ ਆਤਮ ਵਿਸ਼ਵਾਸ ਤਾਂ ਹੀ ਆਵੇਗਾ, ਜਦੋਂ ਨੌਜਵਾਨਾਂ ਨੂੰ ਅਪਣੀ ਸਿਖਿਆ ਅਤੇ ਗਿਆਨ ’ਤੇ ਪੂਰਾ ਭਰੋਸਾ ਹੋਵੇਗਾ। (ਏਜੰਸੀ)