
ਪ੍ਰੇਮੀ ਗੁਰਦੀਪ ਸਿੰਘ ਨਾਲ ਸਬੰਧਿਤ ਟਾਰਗੇਟ ਕਿਲਿੰਗ ਮਾਮਲਾ
ਮੋਗਾ: ਪ੍ਰੇਮੀ ਗੁਰਦੀਪ ਸਿੰਘ ਨਾਲ ਸਬੰਧਿਤ ਟਾਰਗੇਟ ਕਿਲਿੰਗ ਮਾਮਲੇ ਵਿੱਚ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਨੂੰ ਮੋਗਾ ਅਦਾਲਤ ਨੇ ਬਰੀ ਕਰ ਦਿੱਤਾ ਹੈ। ਇਹ ਜਾਣਕਾਰੀ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦਿੱਤੀ ਹੈ। ਜੱਗੀ ਜੌਹਲ ਤੇ ਉਸ ਦੇ ਤਿੰਨ ਸਾਥੀਆਂ ਨੂੰ ਤਿਹਾੜ ਜੇਲ ਵਿੱਚੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ ਸੀ। ਜੱਗੀ ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਜਿਹੜੇ ਤਿੰਨ ਵਿਅਕਤੀਆਂ ਨੂੰ ਸਜ਼ਾ ਹੋਈ ਹੈ ਉਹਨਾਂ ਦੇ ਫੈਸਲੇ ਖਿਲਾਫ ਉਹ ਉੱਚ ਅਦਾਲਤ ਵਿੱਚ ਅਪੀਲ ਕਰਨਗੇ।
ਜ਼ਿਲ੍ਹਾ ਫਰੀਦਕੋਟ ਅਧੀਨ ਪੈਂਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰੇਮੀ ਗੁਰਦੀਪ ਸਿੰਘ ਦੇ ਸਬੰਧ ਵਿੱਚ ਟਾਰਗੇਟ ਕਿਲਿੰਗ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਵਿੱਚ ਹੀ ਜਗਤਾਰ ਸਿੰਘ ਜੱਗੀ ਸਣੇ ਹੋਰਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਇਹ ਸਾਲ 2016 ਦਾ ਬਾਘਾ ਪੁਰਾਣਾ ਥਾਣੇ ਦਾ ਕੇਸ ਹੈ ਅਤੇ ਇਸ ਮਾਮਲੇ ਵਿੱਚ ਯੂਏਪੀਏ ਦੀ ਧਾਰਾ ਵੀ ਜੁੜੀ ਹੋਈ ਸੀ। ਗੁਰਦੀਪ ਸਿੰਘ ਦੇ ਕਤਲ ਕੇਸ ਦੇ ਮਾਮਲੇ ਵਿੱਚ ਜੰਮੂ-ਕਸ਼ਮੀਰ ਦੇ ਇੱਕ ਨੌਜਵਾਨ ਤਿਰਲੋਕ ਸਿੰਘ ਲਾਡੀ ਨੂੰ ਰਿਮਾਂਡ ʼਤੇ ਲੈ ਕੇ ਅਤੇ ਇੱਕ ਐੱਫਆਈਆਰ ਦੇ ਵਿੱਚ ਇੱਕ ਰਿਕਵਰੀ (ਹਥਿਆਰਾਂ ਦੀ) ਦਿਖਾ ਕੇ ਉਸ ਨੂੰ ਨਾਮਜ਼ਦ ਕੀਤਾ ਗਿਆ ਸੀ।''
ਉਨ੍ਹਾਂ ਮੁਤਾਬਕ, "ਬਾਅਦ ਵਿੱਚ ਉਸ ਨਾਲ ਪੁੱਛਗਿੱਛ ਮਗਰੋਂ ਉਸ ਦੇ ਯੂਕੇ ਵਿੱਚ ਰਹਿੰਦੇ ਇੱਕ ਰਿਸ਼ਤੇਦਾਰ ਦਲਜੀਤ ਸਿੰਘ ਜਿੰਮੀ ਨੂੰ ਨਾਮਜ਼ਦ ਕੀਤਾ ਗਿਆ। 2017 ਵਿੱਚ ਜਦੋਂ 31 ਅਕਤੂਬਰ ਨੂੰ ਜਿੰਮੀ ਭਾਰਤ ਆਇਆ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।""ਜਦੋਂ ਉਸ ਤੋਂ ਪੁੱਛਗਿੱਛ ਹੋਈ ਤਾਂ ਜਗਤਾਰ ਸਿੰਘ ਜੱਗੀ ਜੌਹਲ ਅਤੇ ਹੋਰ ਬੰਦਿਆਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ। 2017 ਤੋਂ ਚੱਲਦੇ ਆ ਰਹੇ ਇਸ ਕੇਸ ਦਾ ਅੱਜ ਯਾਨਿ 4 ਮਾਰਚ ਨੂੰ ਫ਼ੈਸਲਾ ਐਡੀਸ਼ਨਲ ਸ਼ੈਸ਼ਨ ਜੱਜ ਅਤੇ ਯੂਏਪੀਏ ਦੇ ਸਪੈਸ਼ਲ ਜੱਜ (ਮੋਗਾ) ਹਰਜੀਤ ਸਿੰਘ ਦੀ ਅਦਾਲਤ ਨੇ ਕੀਤਾ।" ਉਨ੍ਹਾਂ ਨੇ ਦੱਸਿਆ ਕਿ ਫ਼ੈਸਲੇ ਮੁਤਾਬਕ ਸਾਰੇ ਇਲਜ਼ਾਮਾਂ ਤੋਂ ਜਗਤਾਰ ਸਿੰਘ ਜੌਹਲ ਨੂੰ ਬਰੀ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਸਿਰਫ਼ ਤਿੰਨ ਜਣਿਆ ਨੂੰ ਦੋਸ਼ੀ ਐਲਾਨਿਆ ਗਿਆ ਹੈ, ਉਨ੍ਹਾਂ ਲਈ ਵੀ ਉਹ ਹਾਈ ਕੋਰਟ ਜਾਣਗੇ ਕਿਉਂਕਿ ਅਦਾਲਤ ਵਿੱਚ ਸਬੂਤ ਪੇਸ਼ ਨਹੀਂ ਹੋਏ।
ਦੱਸਣਯੋਗ ਹੈ ਕਿ ਇੰਗਲੈਂਡ ਦੇ ਖਿੱਤੇ ਸਕਾਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਨੂੰ 2017 ਵਿੱਚ ਭਾਰਤੀ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਸ ਵੇਲੇ ਤੋਂ ਲੈ ਕੇ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹਨ। ਇਸ ਮੌਕੇ ਗੱਲਬਾਤ ਕਰਦਿਆਂ ਜਗਤਾਰ ਸਿੰਘ ਜੱਗੀ ਜੌਹਲ ਦੇ ਸਹੁਰਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਬਾਜ਼ਾਰ ਵਿੱਚ ਖ਼ਰੀਦਦਾਰੀ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਆਮ ਕੱਪੜਿਆਂ ਵਿੱਚ ਆਈ ਪੰਜਾਬ ਪੁਲਿਸ ਵੱਲੋਂ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਬਲਜਿੰਦਰ ਸਿੰਘ ਨੇ ਅੱਜ ਦੇ ਫੈਸਲੇ ਉਪਰ ਟਿੱਪਣੀ ਕਰਦੀਆਂ ਕਿਹਾ ਕਿ ਉਨਾਂ ਨੂੰ ਇਸ ਗੱਲ ਦਾ ਯਕੀਨ ਸੀ ਕਿ ਜੱਗੀ ਜੌਹਲ ਬਿਲਕੁਲ ਬੇਗੁਨਾਹ ਹੈ ਅਤੇ ਪੁਲਿਸ ਵੱਲੋਂ ਉਹਨਾਂ ਨੂੰ ਕਥਿਤ ਤੌਰ ਤੇ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਹੈ।