
Gurdaspur Accident News: ਮੋਟਰਸਾਈਕਲ ਦੇ ਸੜਕ ਕਿਨਾਰੇ ਸਫ਼ੈਦੇ ਦੇ ਦਰੱਖ਼ਤ ਵਿੱਚ ਵੱਜਣ ਕਾਰਨ ਵਾਪਰਿਆ ਹਾਦਸਾ
ਗੁਰਦਾਸਪੁਰ ਦੇ ਬਹਿਰਾਮਪੁਰ ਦੇ ਪਿੰਡ ਪਸਿਆਲ ਨੇੜੇ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਇਥ ਸੰਤੁਲਨ ਵਿਗੜ ਜਾਣ ਕਾਰਨ ਮੋਟਰਸਾਈਕਲ ਸੜਕ ਕਿਨਾਰੇ ਸਫ਼ੈਦੇ ਦੇ ਦਰੱਖ਼ਤ ਵਿੱਚ ਜਾ ਵੱਜਾ। ਜਿਸ ਕਾਰਨ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਮੁਖਵਿੰਦਰ ਕੁਮਾਰ (19) ਪੁੱਤਰ ਜਸਵਿੰਦਰ ਕੁਮਾਰ ਵਾਸੀ ਜੋਗਰ ਥਾਣਾ ਬਹਿਰਾਮਪੁਰ ਵਜੋਂ ਹੋਈ ਹੈ, ਜੋ ਮਾਪਿਆਂ ਦਾ ਇਕਲੌਤਾ ਪੁੱਤ ਸੀ। ਨੌਜਵਾਨ ਦੀ ਅਚਾਨਕ ਹੋਈ ਮੌਤ ਨਾਲ ਇਲਾਕੇ ਅੰਦਰ ਸੋਗ ਦਾ ਮਾਹੌਲ ਹੋਇਆ। ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਦਾ ਕੱਲ੍ਹ ਜਨਮ ਦਿਨ ਸੀ ਅਤੇ ਉਹ ਆਪਣਾ ਜਨਮ ਦਿਨ ਆਪਣੇ ਪਰਿਵਾਰ ਨਾਲ ਮਨਾਉਣ ਲਈ ਗੁਜਰਾਤ ਤੋਂ ਵਾਪਸ ਪਿੰਡ ਆਇਆ ਹੋਇਆ ਸੀ ਪਰ ਉਸ ਨਾਲ ਕੁਝ ਹੋਰ ਹੀ ਭਾਣਾ ਵਾਪਰ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਪਿਤਾ ਜਸਵਿੰਦਰ ਕੁਮਾਰ ਤੇ ਸਾਬਕਾ ਸਰਪੰਚ ਹਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਨੌਜਵਾਨ ਮੁਖਵਿੰਦਰ ਕੁਮਾਰ (19) ਜੋ ਕਿ ਗੁਜਰਾਤ ਵਿੱਚ ਇੱਕ ਪ੍ਰਾਈਵੇਟ ਕੰਪਨੀ 'ਚ ਕੰਮ ਕਰਦਾ ਸੀ ਅਤੇ ਇੱਕ ਦੋ ਦਿਨ ਪਹਿਲਾਂ ਹੀ ਉਹ ਵਾਪਸ ਪਿੰਡ ਆਇਆ ਸੀ।
ਉਸ ਦਾ ਜਨਮ ਦਿਨ ਹੋਣ ਕਰਕੇ ਉਹ ਬੀਤੀ ਰਾਤ ਗੁਰਦਾਸਪੁਰ ਵਿਖੇ ਆਪਣੇ ਕੰਮ ਕਾਰ ਲਈ ਗਿਆ ਹੋਇਆ ਸੀ ਅਤੇ ਜਦ ਦੇਰ ਰਾਤ ਪਿੰਡ ਵਾਪਸ ਆ ਰਿਹਾ ਸੀ ਤਾਂ ਪਿੰਡ ਪਸਿਆਲ ਨੇੜੇ ਅਚਾਨਕ ਕਿਸੇ ਵਾਹਨ ਦੀਆਂ ਤੇਜ਼ ਲਾਈਟਾਂ ਪੈਣ ਕਾਰਨ ਉਸ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ। ਜਿਸ ਕਾਰਨ ਉਸ ਦਾ ਮੋਟਰਸਾਈਕਲ ਸੜਕ ਕਿਨਾਰੇ ਲੱਗੇ ਸਫ਼ੈਦੇ ਦੇ ਦਰਖ਼ੱਤ 'ਚ ਵੱਜ ਗਿਆ ਅਤੇ ਉਸ ਦੇ ਸਿਰ 'ਤੇ ਸੱਟ ਲੱਗਣ ਕਾਰਨ ਮੌਤ ਹੋ ਗਈ।