
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪ੍ਰਗਟਾਵਾ ਕੀਤਾ ਹੈ ਕਿ ਬਠਿੰਡਾ ਸਮੇਤ ਹੋਰ ਥਾਵਾਂ 'ਤੇ ਲੱਗੇ ਕੂੜਾ ਕਰਕਟ ਪਲਾਟਾਂ ਨੂੰ ਸ਼ਹਿਰੀ ਥਾਵਾਂ ਵਿਚੋਂ ਬਾਹਰ ਕਢਿਆ ਜਾਵੇਗਾ।
ਬਠਿੰਡਾ, 23 ਜੁਲਾਈ (ਸੁਖਜਿੰਦਰ ਮਾਨ) : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪ੍ਰਗਟਾਵਾ ਕੀਤਾ ਹੈ ਕਿ ਬਠਿੰਡਾ ਸਮੇਤ ਹੋਰ ਥਾਵਾਂ 'ਤੇ ਲੱਗੇ ਕੂੜਾ ਕਰਕਟ ਪਲਾਟਾਂ ਨੂੰ ਸ਼ਹਿਰੀ ਥਾਵਾਂ ਵਿਚੋਂ ਬਾਹਰ ਕਢਿਆ ਜਾਵੇਗਾ।
ਬਠਿੰਡਾ ਦੌਰੇ 'ਤੇ ਆਏ ਵਿੱਤ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਠਿੰੰਡਾ, ਅੰਮ੍ਰਿਤਸਰ, ਪਟਿਆਲਾ ਤੇ ਜਲੰਧਰ ਦੇ ਲੋਕਾਂ ਦੀ ਮੰਗ ਮੁਤਾਬਕ ਪੰਜਾਬ ਸਰਕਾਰ ਇਸ ਮਸਲੇ ਪ੍ਰਤੀ ਗੰਭੀਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਸ਼ਹਿਰਾਂ 'ਚ ਲੱਗੇ ਕੂੜਾ ਕਰਕਟ ਪਲਾਟਾਂ ਨੂੰ ਤਬਦੀਲ ਕਰਨ ਲਈ ਜਗ੍ਹਾ ਦੀ ਚੋਣ ਵਾਸਤੇ ਪੰਜਾਬ ਸਰਕਾਰ ਵਲੋਂ ਕਮੇਟੀ ਦਾ ਗਠਨ ਕਰ ਦਿਤਾ ਗਿਆ ਹੈ ਜਿਹੜੀ ਦੋ ਮਹੀਨਿਆਂ 'ਚ ਸਰਕਾਰ ਨੂੰ ਅਪਣੀ ਰੀਪੋਰਟ ਦੇਵੇਗੀ। ਵਿੱਤ ਮੰਤਰੀ ਜਿਹੜੇ ਬਠਿੰਡਾ ਸ਼ਹਿਰੀ ਹਲਕੇ ਤੋਂ ਵਿਧਾਇਕ ਹਨ, ਨੇ ਬਠਿੰਡਾ ਦੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਕੂੜਾ ਕਰਕਟ ਪਲਾਂਟ ਨੂੰ ਤਬਦੀਲ ਕਰਨ ਲਈ ਦੋ ਥਾਵਾਂ ਵੇਖੀਆਂ ਗਈਆਂ ਹਨ ਪਰ ਹਾਲੇ ਤਕ ਇਸ ਦਾ ਪ੍ਰਗਟਾਵਾ ਨਹੀਂ ਕੀਤਾ ਜਾ ਸਕਦਾ।
ਇਸ ਮੌਕੇ ਉਹ ਸ਼ਹਿਰ ਦੇ ਕਈ ਕਾਂਗਰਸੀ ਆਗੂਆਂ ਦੇ ਘਰ ਵੀ ਗਏ ਅਤੇ ਸ਼ਹਿਰ ਦੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਉਨ੍ਹਾਂ ਨਾਲ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਮੋਹਨ ਲਾਲ ਝੂੰਬਾ, ਕੇ.ਕੇ.ਅਗਰਵਾਲ, ਜਗਰੂਪ ਸਿੰਘ ਗਿੱਲ, ਰਾਜ ਨੰਬਰਦਾਰ, ਪਵਨ ਮਾਨੀ, ਟਹਿਲ ਸਿੰਘ ਸੰਧੂ ਵੀ ਸਨ।