
ਫ਼ਾਰਗ ਕੀਤੇ ਮੁਲਾਜ਼ਮਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਸੁਖਬੀਰ ਤੇ ਹਰਸਿਮਰਤ ਬਾਦਲ ਵਿਰੁਧ ਕੀਤੀ ਨਾਹਰੇਬਾਜ਼ੀ
ਸ਼੍ਰੋਮਣੀ ਕਮੇਟੀ ਵਲੋਂ 500 ਤੋਂ ਵੱਧ ਮੁਲਾਜ਼ਮਾਂ ਨੂੰ ਫ਼ਾਰਗ ਕੀਤੇ ਜਾਣ ਤੋਂ ਬਾਅਦ ਅੱਜ ਉਸ ਸਮੇਂ ਹੰਗਾਮਾ ਖੜਾ ਹੋ ਗਿਆ, ਜਦੋਂ ਡਾਇਰੈਕਟਰ ਐਜੂਕੇਸ਼ਨ ਵਲੋਂ ਜਾਰੀ ਹੁਕਮਾਂ ਤਹਿਤ ਖ਼ਾਲਸਾ ਕਾਲਜ ਪਟਿਆਲਾ ਵਿਖੇ ਤਾਇਨਾਤ 25 ਦੇ ਕਰੀਬ ਮੁਲਾਜ਼ਮਾਂ ਨੂੰ ਫ਼ਾਰਗ ਕਰ ਦਿਤਾ ਗਿਆ।ਫ਼ਾਰਗ ਕੀਤੇ ਜਾਣ ਵਾਲੇ ਮੁਲਾਜ਼ਮਾਂ 'ਚ 7 ਕਲਰਕ, 7 ਸਫ਼ਾਈ ਸੇਵਕ, 5 ਲੈਬ ਅਟੈਂਡੰਟ, 5 ਸੇਵਾਦਾਰ ਤੋਂ ਇਲਾਵਾ 1 ਮਾਲੀ ਵੀ ਸ਼ਾਮਲ ਹੈ। ਫ਼ਾਰਗ ਕੀਤੇ ਮੁਲਾਜ਼ਮਾਂ ਨੂੰ ਕੱਢੇ ਜਾਣ ਦੇ ਪੱਤਰ ਹਾਸਲ ਕਰਨ ਤੋਂ ਬਾਅਦ ਰੋਸ ਦੀ ਲਹਿਰ ਉਠ ਖੜ ਹੋਈ ਅਤੇ ਉਨ੍ਹਾਂ ਕਾਲਜ ਦੇ ਬਾਹਰ ਇਕੱਠੇ ਹੋ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕੀਤੀ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਲਾਜ਼ਮਾਂ ਨੇ ਕਿਹਾ ਕਿ ਭਰਤੀ ਪ੍ਰਕਿਰਿਆ ਦੌਰਾਨ ਸਾਨੂੰ ਯੋਗਤਾ ਅਤੇ ਤਜਰਬੇ ਆਧਾਰ 'ਤੇ ਭਰਤੀ ਕੀਤਾ ਸੀ ਪਰ ਹੁਣ ਬਿਨਾਂ ਕੋਈ ਕਾਰਨ ਦੱਸੇ ਸ਼੍ਰੋਮਣੀ ਕਮੇਟੀ ਵਲੋਂ ਸਾਨੂੰ ਨੌਕਰੀ ਕੱਢ ਕੇ ਬੇਰੁਜ਼ਗਾਰ ਕਰ ਦਿਤਾ ਗਿਆ।
Strike
ਇਸ ਮੌਕੇ ਫ਼ਾਰਗ ਮੁਲਾਜ਼ਮਾਂ 'ਚ ਗੁਰਿੰਦਰਪਾਲ ਸਿੰਘ, ਨਿਤੀਸ਼ ਕੁਮਾਰ, ਜਸਵੀਨ, ਚਰਨਜੀਤ ਸਿੰਘ, ਸਤਨਾਮ ਸਿੰਘ, ਕੁਲਵੀਰ ਸਿੰਘ, ਜਸਨੈਨ ਪਾਲ, ਕੁਲਦੀਪ ਕੌਰ, ਬਲਰਾਮ, ਜਗਸੀਰ, ਵੰਦਨਾ, ਜਸਬੀਰ ਕੌਰ, ਕਵਿਤਾ, ਸਰਬਜੀਤ, ਰਾਮ ਲਾਲ, ਪਿੰਕੀ, ਸੁਖਜਿੰਦਰ ਸਿੰਘ, ਲਖਵਿੰਦਰ ਸਿੰਘ, ਦਵਿੰਦਰ, ਕੁਲਦੀਪ ਕੌਰ, ਜਸਵਿੰਦਰ ਕੌਰ, ਖੁਸਵੰਤ ਕੌਰ, ਪਿੰਕੀ ਪਾਰਸ ਆਦਿ ਨੇ ਕਿਹਾ ਕਿ ਇਕ ਪਾਸੇ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੈਪਟਨ ਸਰਕਾਰ ਨੂੰ ਰੁਜ਼ਗਾਰ ਨਾ ਦਿਤੇ ਜਾਣ 'ਤੇ ਰੌਲਾ ਰੱਪਾ ਪਾ ਰਹੇ ਹਨ, ਦੂਜੇ ਪਾਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੋਂ ਮੁਲਾਜ਼ਮਾਂ ਨੂੰ ਫ਼ਾਰਗ ਕੀਤੇ ਜਾਣ ਦੇ ਆਦੇਸ਼ ਦਿਵਾ ਕੇ ਮੁਲਾਜ਼ਮਾਂ ਤੋਂ ਰੁਜ਼ਗਾਰ ਖੋਹ ਰਹੇ ਹਨ। ਮੁਲਾਜ਼ਮਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਕੋਸਦਿਆਂ ਕਿਹਾ ਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਕੌਮ ਅਤੇ ਮੁਲਾਜ਼ਮਾਂ ਦੇ ਹਿੱਤ 'ਚ ਫ਼ੈਸਲੇ ਲੈਣੇ ਚਾਹੀਦੇ ਹਨ ਨਾ ਕਿ ਮੁਲਾਜ਼ਮਾਂ ਦਾ ਰੁਜ਼ਗਾਰ ਖੋਹ ਕੇ ਉਨ੍ਹਾਂ ਨੂੰ ਬੇਰੁਜ਼ਗਾਰ ਕਰਨਾ ਚਾਹੀਦਾ ਹੈ।