
ਸੀ.ਆਈ.ਏ.-2 ਵਿੰਗ ਦੀ ਪੁਲਿਸ ਨੇ ਜਾਅਲੀ ਕਰੰਸੀ ਬਣਾ ਕੇ ਵੇਚਣ ਵਾਲੇ ਗਰੋਹ ਦਾ ਪਰਦਾ ਫ਼ਾਸ਼ ਕਰਦਿਆਂ ਗਰੋਹ ਦੇ ਇਕ ਮੈਂਬਰ ਨੂੰ ਲੱਖਾਂ ਰੁਪਏ ਦੀ ਜਾਅਲੀ ਕਰੰਸੀ ਸਮੇਤ ਕਾਬੂ..
ਬਠਿੰਡਾ, 23 ਜੁਲਾਈ (ਦੀਪਕ ਸ਼ਰਮਾ) : ਸੀ.ਆਈ.ਏ.-2 ਵਿੰਗ ਦੀ ਪੁਲਿਸ ਨੇ ਜਾਅਲੀ ਕਰੰਸੀ ਬਣਾ ਕੇ ਵੇਚਣ ਵਾਲੇ ਗਰੋਹ ਦਾ ਪਰਦਾ ਫ਼ਾਸ਼ ਕਰਦਿਆਂ ਗਰੋਹ ਦੇ ਇਕ ਮੈਂਬਰ ਨੂੰ ਲੱਖਾਂ ਰੁਪਏ ਦੀ ਜਾਅਲੀ ਕਰੰਸੀ ਸਮੇਤ ਕਾਬੂ ਕੀਤਾ ਹੈ। ਦੂਜਾ ਮੈਂਬਰ ਅਜੇ ਪੁਲੀਸ ਦੀ ਪਕੜ ਤੋਂ ਬਾਹਰ ਹੈ।
ਫੜੇ ਗਏ ਵਿਅਕਤੀ ਦੀ ਨਿਸ਼ਾਨਦੇਹੀ 'ਤੇ ਪੁਲੀਸ ਨੇ ਜਾਅਲੀ ਕਰੰਸੀ ਤਿਆਰ ਕਰਨ ਵਾਲਾ ਪ੍ਰਿੰਟਰ ਵੀ ਬਰਾਮਦ ਕੀਤਾ ਹੈ ਤੇ ਇਸ ਤੋਂ ਇਲਾਵਾ ਦੋ ਹਜ਼ਾਰ ਰੁਪਏ ਦੇ 55 ਨੋਟ ਤੇ 100 ਰੁਪਏ ਦੇ 5 ਨੋਟ (ਕੁਲ 1ਲੱਖ 15 ਹਜ਼ਾਰ 600 ਰੁਪਏ) ਬਰਾਮਦ ਕੀਤੇ ਹਨ। ਉਕਤ ਵਿਅਕਤੀ 40 ਹਜ਼ਾਰ ਰੁਪਏ ਲੈ ਕੇ ਉਸ ਦੇ ਬਦਲੇ ਇਕ ਲੱਖ ਰੁਪਏ ਦੀ ਜਾਅਲੀ ਕਰੰਸੀ ਦਿੰਦਾ ਸੀ, ਉਹ ਹੁਣ ਤਕ ਕਰੀਬ ਢਾਈ ਲੱਖ ਰੁਪਏ ਦੀ ਜਾਅਲੀ ਕਰੰਸੀ ਬਾਜ਼ਾਰ ਵਿਚ ਚਲਾ ਚੁੱਕੇ ਹਨ। ਫੜਿਆ ਗਿਆ ਵਿਅਕਤੀ ਪੇਸ਼ੇ ਵਜੋਂ ਫ਼ੋਟੋਗ੍ਰਾਫ਼ਰ ਹੈ।
ਸੀ.ਆਈ.ਏ ਦੇ ਮੁੱਖ ਅਫ਼ਸਰ ਐਸ.ਆਈ. ਤਰਜਿੰਦਰ ਸਿੰਘ ਨੇ ਦਸਿਆ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਨਜ਼ਦੀਕੀ ਪਿੰਡ ਭੂੰਦੜ ਦਾ ਰਣਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਵਾਸੀ ਪਿੰਡ ਮਾਨਸਾ ਕਲਾਂ ਜਾਅਲੀ ਕਰੰਸੀ ਛਾਪ ਕੇ ਅੱਗੇ ਸਪਲਾਈ ਕਰਦੇ ਹਨ। ਮੁਲਜ਼ਮ ਨੇ ਮੰਨਿਆ ਕਿ ਉਸ ਦਾ ਦੂਜਾ ਸਾਥੀ ਮਨਪ੍ਰੀਤ ਉਸ ਨੂੰ ਇਕ ਲੱਖ ਰੁਪਏ ਦੀ ਜਾਅਲੀ ਕਰੰਸੀ ਬਦਲੇ 40 ਹਜ਼ਾਰ ਰੁਪਏ ਦਿੰਦਾ ਸੀ ਤੇ ਖ਼ੁਦ ਜਾਅਲੀ ਕਰੰਸੀ ਸਪਲਾਈ ਕਰਨ ਦਾ ਕੰਮ ਕਰਦਾ ਸੀ।