
ਪਰ ਕਈ ਇਸ ਗੱਲ ਤੋਂ ਨਾਰਾਜ਼ ਵੀ ਹਨ ਕਿ ਉਨ੍ਹਾਂ ਨੂੰ ਤਨਖ਼ਾਹ ਘੱਟ ਦਿਤੀ ਜਾ ਰਹੀ ਹੈ
ਪਟਿਆਲਾ : ਵਧਦੀ ਆਬਾਦੀ ਅਤੇ ਮਸ਼ੀਨੀਕਰਨ ਦੇ ਯੁਗ ਕਾਰਨ ਦੇਸ਼ ਭਰ ਅੰਦਰ ਬੇਰੁਜ਼ਗਾਰੀ ਦੀ ਸਮਸਿਆ ਦਿਨੋਂ ਦਿਨ ਵਿਕਰਾਲ ਰੂਪ ਅਖ਼ਤਿਆਰ ਕਰਦੀ ਜਾ ਰਹੀ ਹੈ। ਪੰਜਾਬ ਜੋ ਆਮਦਨੀ ਪੱਖੋਂ ਕਿਸੇ ਸਮੇਂ ਦੇਸ਼ ਦਾ ਮੋਹਰੀ ਸੂਬਾ ਹੁੰਦਾ ਸੀ, ਇਸ ਸਮੇਂ ਬੇਰੁਜ਼ਗਾਰ ਵਰਗੀ ਅਲਾਮਤ ਨਾਲ ਜੂਝ ਰਿਹਾ ਹੈ।
ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਪਰ ਖੇਤੀਬਾੜੀ ਦਾ ਕਿੱਤਾ ਵੀ ਹੁਣ ਬਹੁਤਾ ਲਾਹੇਵੰਦ ਨਹੀਂ ਰਿਹਾ। ਇਸ ਕਾਰਨ ਪੰਜਾਬ ਅੰਦਰ ਵੀ ਬੇਰੁਜ਼ਗਾਰੀ ਇਕ ਵੱਡਾ ਮਸਲਾ ਬਣੀ ਹੋਈ ਹੈ। ਪੰਜਾਬੀਆਂ ਦਾ ਵੱਡੀ ਗਿਣਤੀ ਵਿਚ ਰੋਜ਼ੀ-ਰੋਟੀ ਦੀ ਭਾਲ ਵਿਚ ਵਿਦੇਸ਼ਾਂ ਵਲ ਕੂਚ ਕਰਨਾ ਵੀ ਇਸ ਦੀ ਪ੍ਰਤੱਖ ਮਿਸਾਲ ਹੈ।
ਪੰਜਾਬ ਦੀ ਕੈਪਟਨ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪੰਜਾਬ ਅੰਦਰ ਹੀ ਮੁਹਈਆ ਕਰਵਾਉਣ ਵਲ ਵੱਡਾ ਕਦਮ ਪੁਟਿਆ ਹੈ। ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਇਸ ਦੀ ਗਵਾਹੀ ਤਾਜ਼ਾ ਅੰਕੜੇ ਵੀ ਭਰਦੇ ਹਨ। ਰੋਜ਼ਾਨਾ ਸਪੋਕਸਮੈਨ ਟੀਵੀ ਦੇ ਪ੍ਰਤੀਨਿਧ ਨੇ ਸਰਕਾਰ ਰਾਹੀਂ ਰੁਜ਼ਗਾਰ ਪ੍ਰਾਪਤ ਕਰ ਚੁੱਕੇ ਵੱਡੀ ਗਿਣਤੀ ਨੌਜਵਾਨਾਂ ਨਾਲ ਸੰਪਰਕ ਸਾਧਿਆ ਜਿਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬ ਸਰਕਾਰ ਦੇ ਉਪਰਾਲਿਆਂ ਤੋਂ ਸੰਤੁਸ਼ਟ ਪਾਏ ਗਏ। ਇਹ ਨੌਜਵਾਨ ਸੁਖੀ ਜੀਵਨ ਗੁਜ਼ਾਰ ਰਹੇ ਹਨ।
File photo
ਪਟਿਆਲਾ ਜ਼ਿਲ੍ਹੇ ਵਿਚ ਕੁੱਝ ਨੌਜਵਾਨਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਜਿਨ੍ਹਾਂ ਨੂੰ ਸਰਕਾਰ ਨੇ ਰੁਜ਼ਗਾਰ ਮੁਹਈਆ ਕਰਵਾਇਆ ਸੀ। ਇਨ੍ਹਾਂ ਵਿਚ ਰੁਪਿੰਦਰ ਕੌਰ ਵਾਸੀ ਪਿੰਡ ਸਿਉਣਾ ਵੀ ਸ਼ਾਮਲ ਹੈ ਜੋ ਬੀ.ਏ, ਬੀ.ਐਡ ਕਰਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਵਲੋਂ ਮਿਲੀ ਸਿਖਲਾਈ ਸਦਕਾ ਅਪਣੇ ਸਵੈ-ਰੁਜ਼ਗਾਰ ਤਹਿਤ ਬੁਟੀਕ ਚਲਾ ਕੇ ਚੰਗੀ ਕਮਾਈ ਕਰ ਰਹੀ ਹੈ।
26 ਸਾਲਾ ਰੁਪਿੰਦਰ ਕੌਰ ਨੇ ਪੜ੍ਹਾਈ ਤੋਂ ਬਾਅਦ ਇਕ ਸਕੂਲ ਵਿਚ ਨੌਕਰੀ ਵੀ ਕੀਤੀ ਜਿਥੇ ਉਸ ਨੂੰ 2500 ਰੁਪਏ ਮਹੀਨਾ ਤਨਖ਼ਾਹ ਮਿਲਦੀ ਸੀ। ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਰੁਜ਼ਗਾਰ ਜਨਰੇਸ਼ਨ ਐਂਡ ਟਰੇਨਿੰਗ ਵਿਭਾਗ ਦੇ ਸੰਪਰਕ ਵਿਚ ਆਉਣ ਤੋਂ ਬਆਦ ਉਸ ਦੀ ਜ਼ਿੰਦਗੀ ਵਿਚ ਵੱਡਾ ਬਦਲਾਅ ਆਇਆ ਹੈ। ਰੁਪਿੰਦਰ ਕੌਰ ਮੁਤਾਬਕ ਉਸ ਦੀ ਸ਼ੁਰੂ ਤੋਂ ਹੀ ਬੁਟੀਕ ਦੇ ਕੰਮ ਵਿਚ ਦਿਲਸਚਪੀ ਸੀ।
ਇਸ ਤੋਂ ਬਾਅਦ ਇਸ ਨੇ ਪੰਜਾਬ ਸਰਕਾਰ ਦੇ ਉਪਰਾਲੇ ਤਹਿਤ ਜ਼ਿਲ੍ਹਾ ਬਿਊਰੋ ਅਤੇ ਰੁਜ਼ਗਾਰ ਜਨਰੇਸ਼ਨ ਐਂਡ ਟ੍ਰੇਨਿੰਗ ਪਟਿਆਲਾ ਤੋਂ ਇਕ ਮਹੀਨੇ ਦੀ ਟ੍ਰੇਨਿੰਗ ਆਰਸੀ ਇਸਟੀਚਿਊਟ ਪਟਿਆਲਾ ਤੋਂ ਪ੍ਰਾਪਤ ਕੀਤੀ। ਰੁਪਿੰਦਰ ਕੌਰ ਨੇ ਦਸਿਆ ਕਿ ਉਸ ਨੂੰ ਇਹ ਸਿਖਲਾਈ ਬਿਲਕੁਲ ਮੁਫ਼ਤ ਦਿਤੀ ਗਈ। ਸਿਖਲਾਈ ਦੌਰਾਨ ਦੋ ਵਕਤ ਦੀ ਚਾਹ ਤੋਂ ਇਲਾਵਾ ਖਾਣਾ ਬਗ਼ੈਰਾ ਵੀ ਮੁਫ਼ਤ ਮਿਲਦਾ ਸੀ। ਇੰਸਟੀਚਿਊਟ ਵਿਚ ਕਲਾਸਾਂ ਤੋਂ ਇਲਾਵਾ ਪ੍ਰੇਰਤ ਵੀ ਕੀਤਾ ਗਿਆ। ਉਨ੍ਹਾਂ ਦੇ ਬੈਂਚ ਵਿਚ 25-26 ਕੁੜੀਆਂ ਨੇ ਸਿਖਲਾਈ ਪ੍ਰਾਪਤ ਕੀਤੀ ਸੀ।
ਰੁਪਿੰਦਰ ਕੌਰ ਦੀ ਹੁਣ ਇਕ ਦਿਨ ਦੀ ਕਮਾਈ 1000 ਤੋਂ 1500 ਰੁਪਏ ਤਕ ਹੈ। ਇਸ ਕੰਮ ਵਿਚ ਉਸ ਦੀ ਮਾਂ ਵੀ ਮਦਦ ਕਰਦੀ ਹੈ। ਰੁਪਿੰਦਰ ਕੌਰ ਅਨੁਸਾਰ ਰੁਜ਼ਗਾਰ ਵਿਭਾਗ ਦੇ ਅਧਿਕਾਰੀਆਂ ਨੇ ਉਸ ਨੂੰ ਬਹੁਤ ਜ਼ਿਆਦਾ ਸਹਿਯੋਗ ਦਿਤਾ ਹੈ। ਰੁਪਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਅਪਣੇ ਇਸ ਕੰਮ ਤੋਂ ਹੀ ਸੰਤੁਸ਼ਟ ਹੈ। ਜੇ ਤੁਹਾਡੇ ਹੱਥ ਵਿਚ ਕੋਈ ਹੁਨਰ ਹੈ ਤਾਂ ਜ਼ਿੰਦਗੀ ਵਿਚ ਉਸ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ। ਉਸ ਨੇ ਦੂਜੀਆਂ ਕੁੜੀਆਂ ਨੂੰ ਵੀ ਸਲਾਹ ਦਿਤੀ ਕਿ ਜੇ ਚੰਗੀ ਨੌਕਰੀ ਨਹੀਂ ਮਿਲਦੀ ਤਾਂ ਉਹ 10-12 ਹਜ਼ਾਰ ਦੀ ਨੌਕਰੀ ਲਈ ਘਰੋਂ ਬਾਹਰ ਜਾਣ ਦੀ ਬਜਾਏ ਸਰਕਾਰ ਦੀ ਮਦਦ ਨਾਲ ਉਨ੍ਹਾਂ ਨੂੰ ਘਰ ਵਿਚ ਹੀ ਕੋਈ ਕੰਮਕਾਰ ਸ਼ੁਰੂ ਕਰ ਲੈਣਾ ਚਾਹੀਦਾ ਹੈ।
File photo
ਇਸ ਤਰ੍ਹਾਂ ਪਟਿਆਲਾ ਜ਼ਿਲ੍ਹੇ ਦੇ ਹੀ ਪਿੰਡ ਲੁਬਾਣਾ ਦਾ ਰਹਿਣ ਵਾਲਾ ਪ੍ਰਗਟ ਸਿੰਘ ਹੁਣ ਏ.ਸੀ ਮਕੈਨਿਕ ਵਜੋਂ ਕੰਮ ਕਰ ਰਿਹਾ ਹੈ। 29 ਸਾਲਾ ਪ੍ਰਗਟ ਸਿੰਘ 12ਵੀਂ ਤਕ ਪੜ੍ਹਿਆ ਹੋਇਆ ਹੈ। ਉਸ ਨੇ ਆਈ.ਟੀ.ਆਈ ਵੀ ਕੀਤੀ ਹੋਈ ਹੈ। ਉਸ ਨੇ ਆਈ.ਆਈ.ਆਈ.ਸੀ. ਅਕੈਡਮੀ ਫ਼ਾਰ ਸਕਿਲ ਤੋਂ ਤਿੰਨ ਮਹੀਨੇ ਦਾ ਕੋਰਸ ਕੀਤਾ ਸੀ।
ਪ੍ਰਗਟ ਸਿੰਘ ਮੁਤਾਬਕ ਉਸ ਨੂੰ ਇੰਸਟੀਚਿਊਟ ਵਿਚ ਟੈਕਨੀਕਲ ਤੌਰ 'ਤੇ ਵਧੀਆ ਸਿਖਲਾਈ ਦਿਤੀ ਗਈ। ਸਿਖਲਾਈ ਤੋਂ 45 ਦਿਨ ਬਾਅਦ ਹੀ ਉਸ ਨੂੰ ਪਟਿਆਲਾ ਵਿਖੇ ਨੌਕਰੀ ਮਿਲ ਗਈ ਸੀ। ਉਹ ਗੋਦਰੇਜ਼ ਦੇ ਸਰਵਿਸ ਸੈਂਟਰ ਵਿਚ ਨੌਕਰੀ ਕਰਦਾ ਹੈ ਜਿਥੇ 14 ਹਜ਼ਾਰ ਰੁਪਏ ਤਨਖ਼ਾਹ ਮਿਲਦੀ ਹੈ। ਉਹ ਸਰਕਾਰ ਵਲੋਂ ਦਿਤੀ ਜਾ ਰਹੀ ਸਿਖਲਾਈ ਤੋਂ ਸੰਤਸ਼ਟ ਹੈ। ਪ੍ਰਗਟ ਸਿੰਘ ਅਨੁਸਾਰ ਸਰਕਾਰ ਨੂੰ ਕੁੜੀਆਂ ਲਈ ਕੋਰਸਾਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ ਤਾਕਿ ਪਿੰਡਾਂ ਦੀਆਂ ਕੁੜੀਆਂ ਨੂੰ ਲਾਭ ਮਿਲ ਸਕੇ।
File photo
ਇਸੇ ਤਰ੍ਹਾਂ ਲਾਲੀ ਖ਼ਾਨ ਵਾਸੀ ਪਿੰਡ ਲੁਬਾਣਾ, ਪਟਿਆਲਾ ਨੇ ਮੋਹਾਲੀ ਗੋਦਰੇਜ ਤੋਂ ਸਿਖਲਾਈ ਪ੍ਰਾਪਤ ਕੀਤੀ ਸੀ। 12ਵੀਂ ਤਕ ਪੜ੍ਹੇ ਲਾਲੀ ਖ਼ਾਨ ਨੂੰ ਮੋਹਾਲੀ ਗੋਦਰੇਜ ਕੰਪਨੀ ਵਿਚ ਨੌਕਰੀ ਮਿਲ ਗਈ, ਜਿਥੇ ਉਸ ਨੂੰ 7 ਹਜ਼ਾਰ ਤਨਖ਼ਾਹ ਮਿਲਦੀ ਸੀ। ਲਾਲੀ ਖ਼ਾਨ ਮੁਤਾਬਕ ਮੋਹਾਲੀ ਮਹਿੰਗੇ ਸ਼ਹਿਰ ਵਿਚ ਏਨੀ ਘੱਟ ਤਨਖ਼ਾਹ ਨਾਲ ਮਕਾਨ ਦਾ ਕਿਰਾਇਆ ਤੇ ਹੋਰ ਖ਼ਰਚੇ ਕਢਣੇ ਮੁਸ਼ਕਲ ਸਨ, ਜਿਸ ਕਾਰਨ ਉਸ ਨੇ ਨੌਕਰੀ ਛੱਡ ਦਿਤੀ ਅਤੇ ਹੁਣ ਉਹ ਵਿਹਲਾ ਹੈ।
ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਅਬਲੋਵਾਲ ਦੇ ਵਾਸੀ 21 ਸਾਲਾ ਬੋਬੀ ਨੇ ਪੰਜਾਬ ਸਰਕਾਰ ਦੇ ਉਪਰੋਕਤ ਵਿਭਾਗ ਕੋਲ ਰੁਜ਼ਗਾਰ ਲਈ ਫ਼ਾਰਮ ਭਰਿਆ ਹੋਇਆ ਹੈ। ਬੋਬੀ ਨੇ ਦਸਿਆ ਕਿ ਉਸ ਦੀ ਸਿਖਲਾਈ ਅਜੇ ਹੋਣੀ ਹੈ ਅਤੇ ਉਸ ਨੂੰ ਅਜੇ ਤਕ ਰੁਜ਼ਗਾਰ ਨਹੀਂ ਮਿਲਿਆ। ਬੋਬੀ ਨੇ 12ਵੀਂ ਤੋਂ ਬਾਅਦ 2 ਸਾਲ ਦੀ ਆਈ.ਟੀ ਕੀਤੀ ਹੋਈ ਹੈ।
ਸਮੀਰ ਖ਼ਾਨ, ਵਾਸੀ ਅਦਾਲਤ ਬਾਜ਼ਾਰ ਪਟਿਆਲਾ ਨੂੰ ਵੀ ਸਰਕਾਰ ਦੀ ਘਰ-ਘਰ ਨੌਕਰੀ ਅਧੀਨ ਰੁਜ਼ਗਾਰ ਮਿਲਿਆ ਹੈ। 19 ਸਾਲਾ ਸਮੀਰ ਖ਼ਾਨ ਨੇ 12ਵੀਂ ਤੋਂ ਬਾਅਦ 2 ਸਾਲ ਦੀ ਆਈ.ਟੀ ਕੀਤੀ ਹੋਈ ਹੈ। ਹੁਣ ਉਸ ਨੂੰ ਸਰਕਾਰ ਦੇ ਉਪਰਾਲੇ ਤਹਿਤ ਰੁਜ਼ਗਾਰ ਮਿਲਿਆ ਹੈ। ਉਹ ਮੋਹਾਲੀ ਸਥਿਤ ਗੋਦਰੇਜ ਕੰਪਨੀ ਵਿਚ ਨੌਕਰੀ ਕਰ ਰਿਹਾ ਹੈ ਜਿਥੇ 12 ਹਜ਼ਾਰ ਤਨਖ਼ਾਹ ਮਿਲਦੀ ਹੈ ਪਰ ਖ਼ਰਚੇ ਪੂਰੇ ਨਾ ਹੋਣ ਕਾਰਨ ਉਹ ਥੋੜਾ ਨਾਰਾਜ਼ ਵੀ ਹੈ। ਸਮੀਰ ਖ਼ਾਨ ਮੁਤਾਬਕ ਉਸ ਦਾ ਅਸਲ ਟੀਚਾ ਵਿਦੇਸ਼ ਜਾਣ ਦਾ ਹੈ, ਇਸ ਲਈ ਉਸ ਨੂੰ ਤਜਰਬੇ ਦੀ ਲੋੜ ਸੀ। ਸਮੀਰ ਖ਼ਾਨ ਮੁਤਾਬਕ ਉਹ ਇਕ ਸਾਲ ਦਾ ਤਜਰਬਾ ਹਾਸਲ ਕਰਨ ਤੋਂ ਬਾਅਦ ਵਿਦੇਸ਼ ਚਲਾ ਜਾਵੇਗਾ ਜਿਥੇ ਉਸ ਨੂੰ ਚੰਗੇ ਭਵਿਖ ਦੀ ਆਸ ਹੈ।
- ਪੱਤਰਕਾਰ ਸੁਰਖ਼ਾਬ ਚੰਨ