
ਬਿਜਲੀ ਸੋਧ ਬਿਲ 2020 ਦੀ ਤਲਵਾਰ ਹਾਲੇ ਵੀ ਲਟਕ ਰਹੀ ਹੈ ਕਿਸਾਨਾਂ ਉਪਰ
ਬਿਲ ਦੀ ਤਿਆਰੀ ਲਈ ਕੇਂਦਰ ਜਾਰੀ ਰੱਖ ਰਿਹੈ ਰਾਜਾਂ ਨਾਲ ਵਿਚਾਰ ਵਟਾਂਦਰਾ, ਪੰਜਾਬ ਨੇ ਇਸ ਦਾ ਕੀਤਾ ਹੈ ਵਿਰੋਧ
ਚੰਡੀਗੜ੍ਹ, 3 ਅਪ੍ਰੈਲ (ਗੁਰਉਪਦੇਸ਼ ਭੁੱਲਰ) : ਕੇਂਦਰੀ ਬਿਜਲੀ ਸੋਧ ਬਿਲ 2020 ਦੀ ਤਲਵਾਰ ਹਾਲੇ ਵੀ ਕਿਸਾਨਾਂ ਉਪਰ ਲਟਕ ਰਹੀ ਹੈ, ਭਾਵੇਂ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਕੇਂਦਰ ਸਰਕਾਰ ਦੀਆਂ ਮੀਟਿੰਗਾਂ ਵਿਚ ਇਸ ਬਿਲ ਨੂੰ ਸੰਸਦ ਵਿਚ ਪੇਸ਼ ਨਾ ਕੀਤੇ ਜਾਣ ਦੀ ਮੰਗ ਪ੍ਰਵਾਨ ਕਰ ਲਈ ਗਈ ਸੀ | ਪਰ ਕਿਸਾਨ ਮੋਰਚੇ ਨਾਲ ਸਮਝੌਤਾ ਨਾ ਹੋਣ ਕਾਰਨ ਇਸ ਬਿਲ ਨੂੰ ਅੱਗੇ ਵਧਾਉਣ ਲਈ ਕੇਂਦਰ ਸਰਕਾਰ ਵਲੋਂ ਰਾਜਾਂ ਨਾਲ ਵਿਚਾਰ ਵਟਾਂਦਰੇ ਦਾ ਸਿਲਸਿਲਾ ਜਾਰੀ ਰਖਿਆ ਜਾ ਰਿਹਾ ਹੈ | ਇਸ ਬਿਲ ਬਾਰੇ ਕੇਂਦਰ ਵਲੋਂ ਇਸ ਨੂੰ ਆਉਣ ਵਾਲੇ ਸਮੇਂ ਵਿਚ ਸੈਸ਼ਨ ਵਿਚ ਪੇਸ਼ ਕਰਨ ਲਈ ਹੋ ਰਹੀ ਤਿਆਰੀ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਕਿਸਾਨ ਮੋਰਚੇ ਦੇ ਆਗੂਆਂ ਤੇ ਪੰਜਾਬ ਦੇ ਸਿਆਸੀ ਦਲਾਂ ਨੇ ਵੀ ਹੈਰਾਨੀ ਪ੍ਰਗਟ ਕਰਦਿਆਂ ਇਸ ਦਾ ਵਿਰੋਧ ਜਾਰੀ ਰਖਣ ਦੇ ਐਲਾਨ ਕੀਤੇ ਹਨ ਪਰ ਇਸ ਬਿਲ ਦਾ ਮਾਮਲਾ ਵੀ ਤਿੰਨ ਖੇਤੀ ਕਾਨੂੰਨਾਂ ਨਾਲ ਹੀ ਜੁੜਿਆ ਹੋਇਆ ਹੈ |
ਜੇ ਤਿੰਨ ਬਿਲਾਂ ਨੂੰ ਲੈ ਕੇ ਕਿਸਾਨਾਂ ਦਾ ਕੇਂਦਰ ਨਾਲ ਕੋਈ ਸਮਝੌਤਾ ਹੁੰਦਾ ਹੈ ਤਾਂ ਬਿਜਲੀ ਸੋਧ ਬਿਲ ਵੀ ਰੁਕ ਜਾਵੇਗਾ ਨਹੀਂ ਤਾਂ ਕੇਂਦਰ ਇਸ ਨੂੰ ਵਿਚਾਰ ਵਟਾਂਦਰਾ ਪੂਰਾ ਕਰ ਕੇ ਆਉਣ ਵਾਲੇ ਸਮੇਂ ਵਿਚ ਸੰਸਦ ਵਿਚ ਪੇਸ਼ ਕਰ ਸਕਦਾ ਹੈ | ਇਸ ਬਿਲ ਨੂੰ ਲੈ ਕੇ ਫ਼ਰਵਰੀ ਮਹੀਨੇ ਰਾਜਾਂ ਨਾਲ ਕੇਂਦਰ ਦੇ ਅਧਿਕਾਰੀਆਂ ਦੀ ਵੀਡੀਉ ਕਾਨਫ਼ਰੰਸ
ਹੋਈ ਸੀ | ਹੁਣ ਇਸੇ ਮਹੀਨੇ ਦੇ ਅੰimageਤ ਵਿਚ ਪੰਜਾਬ ਨੇ ਇਸ ਬਿਲ ਬਾਰੇ ਅਪਣੇ ਸੁਝਾਅ ਕੇਂਦਰ ਨੂੰ ਭੇਜੇ ਹਨ ਜਿਸ ਵਿਚ ਇਸ ਦਾ ਵਿਰੋਧ ਹੀ ਕੀਤਾ ਗਿਆ ਹੈ | ਪਰ ਕਿਸਾਨ ਅੰਦੋਲਨ ਦੇ ਚਲਦੇ ਬਿਜਲੀ ਸੋਧ ਬਿਲ ਦਾ ਖ਼ਤਰਾ ਵੀ ਕਿਸਾਨਾਂ ਲਈ ਬਣਿਆ ਰਹੇਗਾ |