
ਜਦੋਂ ਤੱਕ ਦੋਸ਼ੀ ਗ੍ਰਿਫ਼ਤਾਰ ਨਹੀਂ ਹੁੰਦੇ ਉਦੋਂ ਤਕ ਮ੍ਰਿਤਕ ਦਾ ਸਸਕਾਰ ਵੀ ਨਹੀਂ ਕੀਤਾ ਜਾਵੇਗਾ।
ਲੁਧਿਆਣਾ : ਬੀਤੇ ਦਿਨੀਂ ਲੁਧਿਆਣਾ ਦੇ ਟਿੱਬਾ ਇਲਾਕੇ ਅਧੀਨ ਪੈਂਦੇ ਸਵਤੰਤਰ ਨਗਰ ਵਿਚ ਹੋਏ ਕਾਂਗਰਸੀ ਵਰਕਰ ਦੇ ਕਤਲ ਦਾ ਮਾਮਲਾ ਵਧਦਾ ਜਾ ਰਿਹਾ ਹੈ। ਪੀੜਤ ਦੇ ਪਰਿਵਾਰ ਨੂੰ ਮਿਲਣ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਉਹਨਾਂ ਦੇ ਘਰ ਪਹੁੰਚੇ 'ਤੇ ਦੁੱਖ ਸਾਂਝਾ ਕੀਤਾ। ਇਸ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਇਸ ਦੌਰਾਨ ਉਨ੍ਹਾਂ ਪ੍ਰਸ਼ਾਸਨ ਨੂੰ ਬੁੱਧਵਾਰ ਤੱਕ ਦਾ ਅਲਟੀਮੇਟਮ ਦਿੰਦੇ ਕਿਹਾ ਕਿ ਜੇਕਰ ਦੋਸ਼ੀ ਨੂੰ ਸਲਾਖਾਂ ਪਿੱਛੇ ਨਾ ਪਹੁੰਚਾਇਆ ਗਿਆ ਤਾਂ ਉਹ ਲੁਧਿਆਣਾ ਪੁਲਿਸ ਕਮਿਸ਼ਨਰ ਦਫਤਰ ਘੇਰਨਗੇ ਜਿਸ ਦੀ ਅਗਵਾਈ ਉਹ ਆਪ ਕਰਨਗੇ। ਉਹਨਾਂ ਕਿਹਾ ਕਿ ਜਦੋਂ ਤੱਕ ਦੋਸ਼ੀ ਗ੍ਰਿਫ਼ਤਾਰ ਨਹੀਂ ਹੁੰਦੇ ਉਦੋਂ ਤਕ ਮ੍ਰਿਤਕ ਦਾ ਸਸਕਾਰ ਵੀ ਨਹੀਂ ਕੀਤਾ ਜਾਵੇਗਾ।
ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਦਾ ਲਾਅ ਐਂਡ ਆਰਡਰ ਖ਼ਰਾਬ ਹੋ ਚੁੱਕਾ ਹੈ ਪਰ ਸਰਕਾਰ ਅਤੇ ਪੁਲਸ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਦੋਸ਼ੀ ਫੜ੍ਹੇ ਨਹੀਂ ਜਾਣਗੇ, ਮ੍ਰਿਤਕ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਨਵਜੋਤ ਸਿੱਧੂ ਨੇ ਪਰਿਵਾਰ ਦਾ ਦੁੱਖ ਜਾਣਿਆ ਤੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਜੋ ਪੰਜਾਬ ਦੇ ਵਿਚ ਅਜਿਹਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਪੰਜਾਬ 'ਚ ਨਹੀਂ ਬਚੀ।
ਉਨ੍ਹਾਂ ਨੇ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੇ ਸਵਾਲ ਖੜ੍ਹੇ ਕੀਤੇ। ਇਸ ਦੇ ਨਾਲ ਹੀ ਅਕਾਲੀ ਦਲ 'ਤੇ ਵੀ ਸਵਾਲ ਖੜ੍ਹੇ ਕੀਤੇ। ਨਵਜੋਤ ਸਿੱਧੂ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਨਾਲ ਧੱਕਾ ਕਿਸੇ ਵੀ ਰੂਪ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੱਲ ਸਿਰਫ਼ ਕਾਂਗਰਸੀ ਵਰਕਰ ਦੀ ਨਹੀਂ ਗੱਲ ਸਾਰੇ ਪੰਜਾਬ ਦੇ ਲੋਕਾਂ ਦੀ ਹੈ। ਗੱਲ ਪੰਜਾਬੀਆਂ ਦੀ ਹੈ ਜਿਨ੍ਹਾਂ ਤੇ ਇਸ ਤਰ੍ਹਾਂ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਇਸ ਮੌਕੇ ਸਾਬਕਾ ਵਿਧਾਇਕ ਸੁਰਿੰਦਰ ਡਾਬਰ, ਸਾਬਕਾ ਵਿਧਾਇਕ ਸੰਜੇ ਤਲਵਾੜ, ਸਾਬਕਾ ਵਿਧਾਇਕ ਰਾਕੇਸ਼ ਪਾਂਡੇ, ਸਾਬਕਾ ਲੁਧਿਆਣਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।