
Ludhiana News: ਜਨਤਕ ਥਾਂ 'ਤੇ ਬੀੜੀ ਪੀ ਰਿਹਾ ਸੀ ਪੁਲਿਸ ਮੁਲਾਜ਼ਮ ,ਵੀਡੀਓ ਹੋਈ ਵਾਇਰਲ
Ludhiana News : ਕਈ ਲੋਕਾਂ ਨੂੰ ਬੀੜੀ ਸਿਗਰੇਟ ਪੀਣ ਦੀ ਆਦਤ ਹੁੰਦੀ ਹੈ। ਜੇਕਰ ਤੁਸੀਂ ਸੜਕ 'ਤੇ ਜਾਂ ਭੀੜ-ਭੜੱਕੇ ਵਾਲੀ ਥਾਂ 'ਤੇ ਬੀੜੀ ਸਿਗਰੇਟ ਪੀਣ ਲੱਗਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਜੁਰਮਾਨਾ ਅਤੇ ਜੇਲ੍ਹ ਵੀ ਹੋ ਸਕਦੀ ਹੈ ਪਰ ਇਥੇ ਮਾਮਲਾ ਉਲਟ ਦਿਖਾਈ ਦੇ ਰਿਹਾ ਹੈ।
ਜੇਕਰ ਪੁਲਿਸ ਹੀ ਕਾਨੂੰਨ ਦੀ ਪਾਲਣਾ ਨਹੀਂ ਕਰਦੀ ਤਾਂ ਉਸ ਨੂੰ ਕੀ ਕਿਹਾ ਜਾਵੇ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ,ਜਿੱਥੇ ਡੀਸੀ ਦਫਤਰ ਦੀ ਪਾਰਕਿੰਗ ਵਿੱਚ ਇੱਕ ਪੁਲਿਸ ਮੁਲਾਜ਼ਮ ਜਨਤਕ ਥਾਂ ‘ਤੇ ਸ਼ਰੇਆਮ ਬੀੜੀ ਪੀਕੇ ਧੂਆਂ ਛੱਡਦਾ ਨਜਰ ਆਇਆ। ਜਦੋਂ ਪੱਤਰਕਾਰਾਂ ਨੇ ਰੋਸ ਜਤਾਇਆ ਤਾਂ ਪੱਤਰਕਾਰਾਂ ਨਾਲ ਬਹਿਸ ਕਰਨ ਲੱਗ ਪਿਆ।
ਵੀਡੀਓ 'ਚ ਦੇਖ ਸਕਦੇ ਹੋ ਕਿ ਪੁਲਿਸ ਮੁਲਾਜ਼ਮ ਨੇ ਸਿਰ 'ਤੇ ਪੱਗ ਬੰਨ੍ਹੀ ਹੋਈ ਹੈ ਅਤੇ ਦਾੜ੍ਹੀ ਰੱਖੀ ਹੋਈ ਹੈ। ਜਦੋਂ ਉਥੇ ਮੌਜੂਦ ਪੱਤਰਕਾਰਾਂ ਨੇ ਅਜਿਹਾ ਕਰਨ ਦਾ ਕਾਰਨ ਪੁੱਛਿਆ ਤਾਂ ਉਲਟਾ ਉਹ ਪੱਤਰਕਾਰਾਂ ਨੂੰ ਹੀ ਉਲਟਾ ਸਿੱਧਾ ਬੋਲਣ ਲੱਗ ਗਿਆ। ਪੁਲਿਸ ਮੁਲਾਜਮ ਡੀਸੀ ਦਫ਼ਤਰ ਕਿਸੇ ਕੰਮ ਵਾਸਤੇ ਆਇਆ ਸੀ। ਮੌਕੇ 'ਤੇ ਮੌਜੂਦ ਪੱਤਰਕਾਰਾਂ ਨੇ ਉਸ ਥਾਣੇਦਾਰ ਦੀ ਵੀਡਿਓ ਬਣਾਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਹੈ।