
ਬੀਤੇ ਦਿਨ ਦੁਕਾਨਦਾਰ ਰਾਜੇਸ਼ ਕੁਮਾਰ ਦਾ ਹੋਇਆ ਸੀ ਕਤਲ
Sri Muktsar Sahib Police solves murder case within 24 hours, five accused arrested Latest News in Punjabi : ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਦਿੱਲ ਦਹਿਲਾ ਦੇਣ ਵਾਲੇ ਕੋਟਭਾਈ ਕਤਲ ਮਾਮਲੇ ਨੂੰ ਸਿਰਫ਼ 24 ਘੰਟਿਆਂ ਵਿਚ ਸੁਲਝਾ ਕੇ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। 2 ਅਪ੍ਰੈਲ ਨੂੰ ਸਵੇਰੇ ਇਕ ਦੁਕਾਨਦਾਰ ਰਾਜੇਸ਼ ਕੁਮਾਰ ਉਰਫ਼ ਕਾਲੀ ਦਾ ਨਿਰਦਈ ਕਤਲ ਹੋਣ ਦੀ ਸੂਚਨਾ ਮਿਲੀ ਸੀ। ਇਸ ਮਾਮਲੇ ਦੀ ਜਾਂਚ 'ਚ ਖ਼ੁਲਾਸਾ ਹੋਇਆ ਕਿ ਉਸ ਦੀ ਹੱਤਿਆ ਬਰਫ਼ ਤੋੜਨ ਵਾਲੇ ਹਥਿਆਰ ਨਾਲ ਕੀਤੀ ਗਈ ਸੀ।
ਐਸ.ਐਸ.ਪੀ. ਡਾ. ਅਖਿਲ ਚੌਧਰੀ (ਆਈ.ਪੀ.ਐਸ.) ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਤਕਨੀਕੀ ਅਤੇ ਮਨੁੱਖੀ ਖੁਫ਼ੀਆ ਸਰੋਤਾਂ ਰਾਹੀਂ ਮੁਲਜ਼ਮਾਂ ਦੀ ਪਛਾਣ ਕਰਦਿਆਂ ਸੁਖਵੀਰ ਸਿੰਘ ਉਰਫ਼ ਸੁੱਖਾ, ਨਵਦੀਪ ਸਿੰਘ ਉਰਫ਼ ਲੋਵੀ, ਤਰਸੇਮ ਸਿੰਘ ਉਰਫ਼ ਸੇਮਾ, ਰਜਨੀ (ਮ੍ਰਿਤਕ ਦੀ ਦੂਜੀ ਪਤਨੀ) ਅਤੇ ਪਿੰਕੀ (ਮ੍ਰਿਤਕ ਦੀ ਸਾਲੀ) ਨੂੰ ਗ੍ਰਿਫ਼ਤਾਰ ਕਰ ਲਿਆ।
ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਰਜਨੀ ਅਤੇ ਸੁਖਵੀਰ ਸਿੰਘ ਵਿਚਕਾਰ ਗ਼ੈਰਕਾਨੂੰਨੀ ਸਬੰਧ ਸਨ, ਜਿਸ ਕਰ ਕੇ ਰਾਜੇਸ਼ ਕੁਮਾਰ ਨੂੰ ਰਾਹ ਦੀ ਰੁਕਾਵਟ ਸਮਝਦਿਆਂ ਪੂਰੇ ਯੋਜਨਾਬੱਧ ਢੰਗ ਨਾਲ ਉਸ ਦੀ ਹੱਤਿਆ ਕੀਤੀ ਗਈ।
ਪੁਲਿਸ ਵਲੋਂ ਹਰੇਕ ਦੋਸ਼ੀ ਦੀ ਭੂਮਿਕਾ ਦੀ ਜਾਂਚ ਅਜੇ ਵੀ ਜਾਰੀ ਹੈ। ਇਸ ਮਾਮਲੇ 'ਚ ਮੁੱਖ ਦੋਸ਼ੀ ਸੁਖਵੀਰ ਸਿੰਘ 'ਤੇ ਪਹਿਲਾਂ ਵੀ ਗੰਭੀਰ ਕੇਸ ਦਰਜ ਹਨ।