
ਇਸ ਵਰਤਾਰੇ ਨੂੰ ਵੇਖ ਕੇ ਮੰਨਿਆ ਜਾ ਰਿਹਾ ਹੈ ਜਿਵੇਂ ਗੋਗਲੁਆ ਤੋਂ ਮਿੱਟੀ ਝਾੜੀ ਜਾ ਰਹੀ ਹੋਵੇ।
ਤਰਨ ਤਾਰਨ, 3 ਮਈ (ਚਰਨਜੀਤ ਸਿੰਘ): ਕਿਰਨ ਬਾਲਾ ਮਾਮਲਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਲਈ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਅਪਣੇ ਗਲੋਂ ਗਲਾਵਾਂ ਲਾਹੁਣ ਲਈ ਅਤੇ ਅਪਣੇ ਆਕਾਵਾਂ ਨੂੰ ਬਚਾਉਣ ਲਈ ਕਮੇਟੀ ਦੇ ਕਰਮਚਾਰੀ ਦਰਬਾਰ ਸਾਹਿਬ ਦੇ ਨੇੜੇ ਬਣੀਆਂ ਨਿਜੀ ਸਰਾਵਾਂ ਦੇ ਰੀਕਾਰਡ ਨੂੰ ਚੈੱਕ ਕਰਨ ਲਈ ਸਰਾਵਾਂ ਵਿਚ ਗੇੜੇ ਮਾਰਦੇ ਵੇਖੇ ਗਏ। ਇਸ ਵਰਤਾਰੇ ਨੂੰ ਵੇਖ ਕੇ ਮੰਨਿਆ ਜਾ ਰਿਹਾ ਹੈ ਜਿਵੇਂ ਗੋਗਲੁਆ ਤੋਂ ਮਿੱਟੀ ਝਾੜੀ ਜਾ ਰਹੀ ਹੋਵੇ। ਕਿਰਨ ਬਾਲਾ ਮਾਮਲੇ ਵਿਚ ਮੰਨਿਆ ਜਾ ਰਿਹਾ ਹੈ ਕਿ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਬਣਾਈ ਕਮੇਟੀ ਨੂੰ ਕਮੇਟੀ ਦੇ ਕਰਮਚਾਰੀ ਹੀ ਨਿਆਂ ਨਹੀਂ ਦੇਣਗੇ ਕਿਉਂਕਿ ਕਮੇਟੀ ਵਿਚ ਕੰਮ ਕਰਦਾ ਹਰ ਕਰਮਚਾਰੀ ਜਾਣਦਾ ਹੈ ਕਿ ਕਿਰਨ ਬਾਲਾ ਨੂੰ ਕਿਸ ਦੇ ਕਹਿਣ 'ਤੇ ਕਮਰਾ ਦਿਤਾ ਗਿਆ।
Kiran Bala
ਕਮੇਟੀ ਦੇ ਕੁੱਝ ਕਰਮਚਾਰੀ ਦਬੀ ਜ਼ੁਬਾਨ ਵਿਚ ਮੰਨਦੇ ਹਨ ਕਿ ਉਪਰੋਂ ਆਏ ਹੁਕਮ ਨੂੰ ਟਾਲਣਾ ਮੁਸ਼ਕਲ ਸੀ, ਇਸ ਲਈ ਕਿਰਨ ਬਾਲਾ ਨੂੰ ਇਕੱਲੀ ਹੋਣ ਦੇ ਬਾਵਜੂਦ ਕਮਰਾ ਦਿਤਾ ਗਿਆ। ਅਪਣੀ ਜਾਨ ਬਚਾਉਣ ਤੇ ਆਕਾਵਾਂ ਨੂੰ ਤਤੀ ਹਵਾ ਤੋਂ ਬਚਾਉਣ ਲਈ ਕਰਮਚਾਰੀਆਂ ਨੇ ਜਾਂਚ ਦਾ ਰੁਖ ਹੀ ਬਦਲ ਦਿਤਾ। ਇਸ ਲਈ ਇਹ ਜਾਂਚ ਦਾ ਘੇਰਾ ਬਾਹਰਲੀਆਂ ਸਰਾਵਾਂ ਵਲ ਵੀ ਵਧਾ ਦਿਤਾ ਹੈ। ਸੁਰੱਖਿਆ ਏਜੰਸੀਆਂ ਦਾ ਘੇਰਾ ਵੀ ਤੰਗ ਹੋ ਰਿਹਾ ਹੋਣ ਕਰ ਕੇ ਇਸ ਮਾਮਲੇ ਵਿਚ ਹੋਰ ਵੀ ਸਖ਼ਤੀ ਕੀਤੀ ਜਾ ਰਹੀ ਹੈ। ਲੌਂਗੋਵਾਲ ਨੇ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਹੋਇਆ ਹੈ। ਇਸ ਕਮੇਟੀ ਦੀ ਰੀਪੋਰਟ ਤੋਂ ਬਾਅਦ ਕੁੱਝ ਅਧਿਕਾਰੀਆਂ 'ਤੇ ਗਾਜ਼ ਡਿੱਗਣ ਦੀ ਸੰਭਾਵਨਾ ਹੈ।