
ਅੱਗ ਇੰਨੀ ਭਿਆਨਕ ਸੀ ਕਿ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਅੱਗ ਨੂੰ ਕਾਬੂ ਕਰਨ ਵਿਚ ਅਸਮਰੱਥ ਸਾਬਤ ਹੋ ਰਹੀਆਂ ਸਨ
ਫ਼ਤਿਹਗੜ੍ਹ ਸਾਹਿਬ, 3 ਮਈ (ਇੰਦਰਪ੍ਰੀਤ ਬਖਸ਼ੀ, ਸੁਰਜੀਤ ਸਿੰਘ ਸਾਹੀ): ਸਰਹਿੰਦ-ਚੰਡੀਗੜ੍ਹ ਰੋਡ 'ਤੇ ਪਿੰਡ ਚੁੰਨੀ ਨਜ਼ਦੀਕ ਪੈਂਦੇ ਸਰਕਪੜਾ ਵਿਖੇ ਆਈ.ਟੀ.ਸੀ. ਕੰਪਨੀ ਦੇ ਵੇਅਰ ਹਾਊਸ ਨੂੰ ਅੱਗ ਲੱਗਣ ਕਾਰਨ ਕਰੋੜਾਂ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਅੱਗ ਇੰਨੀ ਭਿਆਨਕ ਸੀ ਕਿ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਅੱਗ ਨੂੰ ਕਾਬੂ ਕਰਨ ਵਿਚ ਅਸਮਰੱਥ ਸਾਬਤ ਹੋ ਰਹੀਆਂ ਸਨ, ਜਿਸ ਕਾਰਨ ਦੂਸਰੇ ਸ਼ਹਿਰਾਂ ਤੋਂ ਵੀ ਗੱਡੀਆਂ ਮੰਗਵਾਉਣੀਆਂ ਪਈਆਂ। ਕੰਪਨੀ ਦੇ ਮਾਲਕ ਭਗਵੰਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਟ ਸਰਕਟ ਜਾਪਦਾ ਜਿਸ ਕਾਰਨ ਉਨ੍ਹਾਂ ਦਾ ਕਰੋੜਾਂ ਦਾ ਨੁਕਸਾਨ ਹੋ ਗਿਆ। ਉਨ੍ਹਾਂ ਦਸਿਆ ਕਿ ਜਿਥੇ ਅੱਗ ਲੱਗੀ ਸੀ ਉਥੇ ਕਈ ਵਿਅਕਤੀ ਕੰਮ ਵੀ ਕਰ ਰਹੇ ਹਨ, ਪਰ ਸਾਥੀਆਂ ਵਲੋਂ ਹਿੰਮਤ ਦਿਖਾਉਂਦੇ ਹੋਏ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
Fire in factory
ਉਨ੍ਹਾਂ ਦਸਿਆ ਕਿ ਟਰੱਕ ਅਤੇ ਹੋਰ ਵਹੀਕਲ ਵੀ ਅੱਗ ਦੀ ਭੇਂਟ ਚੜ੍ਹ ਗਏ। ਉਨ੍ਹਾਂ ਦਸਿਆ ਕਿ ਕੰਪਨੀ ਵਿਚ ਕੁਰਕੁਰੇ-ਬੀਂਗੋ ਅਤੇ ਖਾਣ ਪੀਣ ਤੋਂ ਇਲਾਵਾ ਹੋਰ ਸਮਾਨ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਦਸਿਆ ਕਿ ਅੱਗ ਦਾ ਪਤਾ ਲੱਗਣ 'ਤੇ ਤੁਰਤ ਫ਼ਾਇਰ ਬ੍ਰਿਗੇਡ ਨੂੰ ਸੂਚਨਾ ਦਿਤੀ ਗਈ, ਪਰ ਤੇਜ਼ ਹਵਾਵਾਂ ਕਾਰਨ ਅੱਗ ਤੇਜ਼ੀ ਨਾਲ ਫੈਲਦੀ ਗਈ। ਇਸ ਕਾਰਨ ਉਨ੍ਹਾਂ ਦੂਸਰੇ ਸ਼ਹਿਰਾਂ ਤੋਂ ਵੀ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ।ਬੱਸੀ ਪਠਾਣਾਂ ਦੇ ਡੀ.ਐਸ.ਪੀ. ਨਵਨੀਤ ਕੌਰ ਗਿੱਲ ਨੇ ਪੁੱਛੇ ਜਾਣ 'ਤੇ ਦਸਿਆ ਕਿ ਅੱਗ ਬਹੁਤ ਭਿਆਨਕ ਸੀ ਜਿਸ 'ਤੇ ਕਾਬੂ ਪਾਉਣ ਲਈ ਵੱਖ-ਵੱਖ ਸ਼ਹਿਰਾਂ ਤੋਂ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ ਹਨ। ਖ਼ਬਰ ਲਿਖੇ ਜਾਣ ਤਕ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਅੱਗ 'ਤੇ ਕਾਬੂ ਪਾਇਆ ਜਾ ਰਿਹਾ ਸੀ।