
ਤਿੰਨ ਮੰਤਰੀਆਂ ਨੇ ਕਿਹਾ-12ਵੀਂ ਜਮਾਤ ਦਾ ਇਤਿਹਾਸ ਸਿਲੇਬਸ 11ਵੀਂ 'ਚ ਲਿਆਂਦਾ
ਚੰਡੀਗੜ੍ਹ, 3 ਮਈ (ਜੀ.ਸੀ. ਭਾਰਦਵਾਜ) : ਸਕੂਲ ਸਿਖਿਆ ਬੋਰਡ ਦੀ 12ਵੀਂ ਜਮਾਤ ਦੀ ਇਤਿਹਾਸ ਦੇ ਸਿਲੇਬਸ 'ਚ ਕੀਤੀ ਅਦਲਾ-ਬਦਲੀ ਦੇ ਮਾਮਲੇ 'ਚ ਵਿਰੋਧੀ ਧਿਰ ਵਲੋਂ ਕੀਤੀ ਨਿਖੇਧੀ ਬਾਰੇ ਸਰਕਾਰ ਦੀ ਸਥਿਤੀ ਸਪੱਸ਼ਟ ਕਰਦਿਆਂ ਸਿਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਪੰਜਾਬ ਭਵਨ 'ਚ ਖਚਾਖਚ ਭਰੀ ਪ੍ਰੈੱਸ ਕਾਨਫ਼ਰੰਸ ਵਿਚ ਦਸਿਆ ਕਿ ਪੰਜਾਬ ਦੇ ਸਕੂਲ ਸਿਖਿਆ ਬੋਰਡ ਦੇ ਸਿਲੇਬਸਾਂ ਨੂੰ ਸਮੇਂ ਦੇ ਹਾਣੀ ਬਣਾਉਣ ਅਤੇ ਬੱਚਿਆਂ ਨੂੰ ਬਾਕੀ ਰਾਜਾਂ ਦੇ ਵਿਦਿਆਰਥੀਆਂ ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨ ਵਾਸਤੇ ਇਹ ਮਾਮੂਲੀ ਜਿਹੀ ਬਦਲੀ ਕੀਤੀ ਹੈ।ਸੋਨੀ ਨੇ ਕਿਹਾ ਕਿ ਨਾ ਤਾਂ ਗੁਰੂ ਇਤਿਹਾਸ ਬੰਦ ਕੀਤਾ, ਨਾ ਕਮੀ ਕੀਤੀ, ਉਲਟਾ ਪ੍ਰਾਈਵੇਟ ਪਬਲਿਸ਼ਰਾਂ ਵਲੋਂ ਛਾਪੀਆਂ ਜਾ ਰਹੀਆਂ ਗਾਈਡਾਂ ਅਤੇ ਹੈਲਪ ਬੁੱਕਾਂ ਬੰਦ ਕੀਤੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਂਗਰਸ ਸਰਕਾਰ ਨੂੰ ਗੁਰੂਆਂ ਤੇ ਸਿੱਖ ਇਤਿਹਾਸ ਨਾਲ ਅਕਾਲੀ ਦਲ ਨਾਲੋਂ 10 ਗੁਣਾਂ ਵੱਧ ਪਿਆਰ ਹੈ ਅਤੇ ਹੁਣ ਬੋਰਡ ਖ਼ੁਦ ਹੀ ਇਤਿਹਾਸ ਦੀਆਂ ਕਿਤਾਬਾਂ ਸਸਤੇ ਰੇਟ 'ਤੇ ਮੁਹਈਆ ਕਰਵਾਏਗਾ।ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ 6ਵੀਂ ਤੋਂ 8ਵੀਂ ਜਮਾਤ ਦਾ ਸਿਲੇਬਸ ਪਹਿਲਾਂ ਹੀ ਨਵਿਆਇਆ ਗਿਆ ਹੈ ਅਤੇ 9ਵੀਂ ਤੋਂ 12ਵੀਂ ਦਾ ਇਸ ਵੇਲੇ ਬਦਲਿਆ ਜਾ ਰਿਹਾ ਹੈ। ਮਨਪ੍ਰੀਤ ਬਾਦਲ ਦਾ ਕਹਿਣਾ ਸੀ ਕਿ ਪੰਜਾਬ, ਪੰਜਾਬੀ, ਦਿੱਲੀ ਤੇ ਹੋਰ ਯੂਨੀਵਰਸਟੀਆਂ ਦੇ ਮਾਹਰ ਵੀ 13 ਮੈਂਬਰੀ ਕਮੇਟੀ 'ਚ ਸਨ, ਜਿਨ੍ਹਾਂ ਨੇ ਸਿਲੇਬਸ ਨੂੰ ਨਵੇਂ ਸਿਰੇ ਤੋਂ ਉਲੀਕਿਆ ਹੈ।
Manpreet Badal
ਵਿੱਤ ਮੰਤਰੀ ਨੇ ਦਸਿਆ ਕਿ ਕਿਵੇਂ ਪ੍ਰਾਈਵੇਟ ਛਾਪੇਖ਼ਾਨੇ ਵਾਲੇ ਕਿਤਾਬਾਂ ਛਾਪ ਕੇ ਕਰੋੜਾਂ ਦੀ ਕਮਾਈ ਕਰਦੇ ਸਨ ਜਿਨ੍ਹਾਂ 'ਤੇ ਰੋਕ ਲਗਾਈ ਗਈ ਹੈ।ਸਿਖਿਆ ਮੰਤਰੀ ਨਾਲ ਬੈਠੇ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਦੋਸ਼ ਲਗਾਇਆ ਕਿ ਅਕਾਲੀ ਨੇਤਾ ਧਾਰਮਕ ਰੰਗਤ ਦੇ ਕੇ ਪੰਜਾਬ 'ਚ ਇਸ ਮੁੱਦੇ 'ਤੇ ਲੜਾਈ ਕਰਵਾਉਣਾ ਚਾਹੁੰਦੇ ਹਨ। ਇਤਿਹਾਸ ਵਿਸ਼ੇ ਦੇ ਮਾਹਰ ਡਾ. ਜਸਬੀਰ ਸਿੰਘ (ਪੰਜਾਬ ਯੂਨੀਵਰਸਟੀ) ਅਤੇ ਡਾ. ਅਮਨਪ੍ਰੀਤ ਗਿੱਲ (ਦਿੱਲੀ ਯੂਨੀਵਰਸਟੀ) ਨੇ ਦਸਿਆ ਕਿ ਇਤਿਹਾਸ ਦੇ ਸਿਲੇਬਸ 'ਚੋਂ ਕਟੌਤੀ ਬਹੁਤੀ ਨਹੀਂ ਕੀਤੀ, ਸਗੋਂ ਚਾਰ ਸਾਹਿਬਜ਼ਾਦਿਆਂ, ਬਹਾਦਰ ਪੰਜਾਬੀਆਂ, ਸਾਰਾਗੜ੍ਹੀ ਦੀ ਲੜਾਈ ਦਾ ਇਤਿਹਾਸ ਅਤੇ ਹੋਰ ਚੈਪਟਰ ਵਾਧੂ ਜੋੜੇ ਜਾਣਗੇ।ਤਿੰਨੋਂ ਮੰਤਰੀਆਂ ਅਤੇ ਮਾਹਰਾਂ ਦਾ ਕਹਿਣਾ ਸੀ ਕਿ ਸਿਲੇਬਸ ਬਦਲੀ ਬਾਰੇ ਪੇਸ਼ਕਾਰੀ ਗ਼ਲਤ ਹੋਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਗੁਰੂਆਂ ਅਤੇ ਸਿੱਖਾਂ ਦਾ ਇਤਿਹਾਸ ਪਹਿਲਾਂ ਦੀ ਤਰ੍ਹਾਂ 1469 ਤੋਂ 1849 ਈਸਵੀ ਤਕ ਹੀ ਪੜ੍ਹਾਇਆ ਜਾਂਦਾ ਰਹੇਗਾ ਅਤੇ ਕੁਲ 22 ਚੈਪਟਰਾਂ ਦਾ ਪੁਰਾਣਾ ਇਤਿਹਾਸ ਪੂਰੇ ਦਾ ਪੂਰਾ ਸਿਲੇਬਸ 'ਚ ਸ਼ਾਮਲ ਕੀਤਾ ਗਿਆ ਹੈ। ਵੇਰਵਿਆਂ ਦੇ ਸਫ਼ੇ ਜ਼ਰੂਰ ਥੋੜੇ ਘੱਟ ਹੋ ਸਕਦੇ ਹਨ।