
ਦਿੱਲੀ ਸਿੱਖ ਕਤਲਏਆਮ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਹੋਣ
ਅੰਮ੍ਰਿਤਸਰ, 3 ਮਈ (ਸੁਖਵਿੰਦਰਜੀਤ ਸਿੰਘ ਬਹੋੜੂ) : ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਇਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਭਾਜਪਾ ਦੇ ਚਰਚਿਤ ਆਗੂ ਡਾ. ਸੁਬਰਾਮਨੀਅਮ ਸੁਆਮੀ ਸਾਬਕਾ ਮੰਤਰੀ ਦੇ ਦੋਸਤ ਹੋ ਸਕਦੇ ਹਨ, ਮੇਰੇ ਨਹੀਂ।ਹਰਦੀਪ ਸਿੰਘ ਪੁਰੀ ਨੇ ਸੱਚਖੰਡ ਹਰਿਮੰਦਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹਾ ਨਹੀਂ ਸੀ ਹੋਣਾ ਚਾਹੀਦਾ। ਪੁਰੀ ਨੇ ਦਿੱਲੀ ਸਿੱਖ ਕਤਲੇਆਮ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਅਣ–ਮਨੁੱਖੀ ਤਸ਼ਦਦ ਦੇ ਦੋਸ਼ੀਆ ਨੂੰ ਸਖ਼ਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਹਨ। ਹਰਦੀਪ ਸਿੰਘ ਪੁਰੀ ਨੇ ਅੱਜ ਪਿੰਡ ਮੂਧਲ ਵਿਖੇ ਗ਼ਰੀਬ ਪਰਵਾਰਾਂ ਨੂੰ ਉਜਵਲ ਸਵਰਾਜ ਦਿਵਸ ਅਭਿਆਨ ਤਹਿਤ 123 ਗੈਸ ਕੁਨੈਕਸ਼ਨ ਵੰਡੇ। ਉਨ੍ਹਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਐੇਮ.ਪੀ. ਦੀ ਡਿਊਟੀ ਲਾਈ ਹੈ ਕਿ ਜਿਸ ਪਿੰਡ ਵਿਚ 50% ਦਲਿਤ ਪਰਵਾਰਾਂ ਦੀ ਅਬਾਦੀ ਹੈ, ਉਥੇ ਦੇ ਗ਼ਰੀਬ ਪਰਿਵਾਰਾਂ ਨੂੰ ਕੇਦਰੀ ਸਰਕਾਰ ਦੀਆਂ ਪਰਿਵਾਰ ਭਲਾਈ ਸਕੀਮਾਂ ਨੂੰ ਲਾਗੂ ਕਰਕੇ, ਲਾਭ ਪਹੁੰਚਾਇਆ ਜਾਵੇ।
swami subramanian
ਹਰਦੀਪ ਸਿੰਘ ਪੁਰੀ ਨੇ ਐਲਾਨ ਕੀਤਾ ਕਿ ਪਿੰਡ ਮੂਧਲ ਦੀ ਖਰਾਬ 4 ਕਿਲੋਮੀਟਰ ਸੜਕ ਪੱਕੀ ਕਰਕੇ ਸਟਰੀਟ ਲਾਇਟਸ ਲਾਈਆਂ ਜਾਣਗੀਆਂ। ਇਸ ਦਾ ਨਕਸ਼ਾ ਤਿਆਰ ਹੋ ਚੁੱਕਾ ਹੈ ਅਤੇ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇਗਾ। ਦੱਸਣਯੋਗ ਹੈ ਕਿ ਡਾ. ਸੁਬਰਾਮਨੀਅਮ ਸਵਾਮੀ ਨੇ ਬੀਤੇ ਦਿਨੀ ਅੰਮ੍ਰਿਤਸਰ ਵਿਖੇ ਕਿਹਾ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਮੇਰੇ ਦੋਸਤ ਸਨ ਤੇ ਉਨ੍ਹਾ ਕਦੇ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਸੀ। ਇਸ ਤੋਂ ਇਲਾਵਾ ਹਰਦੀਪ ਸਿੰਘ ਪੁਰੀ ਅੱਜ ਦੂਸਰੀ ਵਾਰ ਪਿੰਡ ਮੂਧਲ ਆਏ ਸਨ ਤੇ ਕੁਝ ਦਿਨ ਪਹਿਲਾ ਉਨ੍ਹਾਂ ਇਥੇ ਇਕ ਦਲਿਤ ਘਰ ਰਾਤ ਕੱਟੀ ਸੀ, ਜਿਸ ਦੀ ਕਾਫੀ ਚਰਚਾ ਵੀ ਹੋਈ ਸੀ। ਇਸ ਮੌਕੇ ਸੰਸਦ ਮੈਂਬਰ ਸ਼ਵੇਤ ਮਲਿਕ, ਰਜਿੰਦਰ ਮੋਹਨ ਸਿੰਘ ਛੀਨਾ, ਕੇਵਲ ਕੁਮਾਰ ਅਤੇ ਰਾਜੇਸ਼ ਹਨੀ ਤੋਂ ਇਲਾਵਾ 300 ਦੇ ਕਰੀਬ ਭਾਜਪਾ ਦੇ ਕਰੀਬ ਵਰਕਰ ਵੀ ਮੌਜੂਦ ਸਨ।