
ਹੁਣ ਵਿੱਤ ਮੰਤਰੀ ਦੇ ਦਫ਼ਤਰ ਦੀ ਥਾਂ ਡੀਸੀ ਦਫ਼ਤਰ ਅੱਗੇ ਚੱਲੇਗਾ ਧਰਨਾ
ਬਠਿੰਡਾ, 3 ਮਈ (ਸੁਖਜਿੰਦਰ ਮਾਨ) : ਕਲ ਪੁਲਿਸ ਵਲੋਂ ਵਿਖਾਈ ਸਖ਼ਤੀ ਕਾਰਨ ਗੁੱਸੇ ਵਿਚ ਆਈਆਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਅੱਜ ਸਵੇਰੇ ਹੀ ਡਿਪਟੀ ਕਮਿਸ਼ਨਰ ਦਫ਼ਤਰ 'ਤੇ ਧਾਵਾ ਬੋਲਦਿਆਂ ਧਰਨਾ ਲਗਾ ਦਿਤਾ ਹਾਲਾਂਕਿ ਪੁਲਿਸ ਨੇ ਖ਼ੁਫ਼ੀਆ ਸੂਚਨਾ ਮਿਲਣ ਮਗਰੋਂ ਬਠਿੰਡਾ ਪੁੱਜ ਰਹੀਆਂ ਆਂਗਨਵਾੜੀ ਵਰਕਰਾਂ ਨੂੰ ਰਸਤੇ ਵਿਚ ਹੀ ਰੋਕਣ ਦਾ ਯਤਨ ਕੀਤਾ ਪਰ ਸੈਂਕੜਿਆਂ ਦੀ ਤਾਦਾਦ ਵਿਚ ਇਹ ਵਰਕਰਾਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੁੱਜਣ ਵਿਚ ਸਫ਼ਲ ਰਹੀਆਂ। ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਨਾਲ ਸਬੰਧਤ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਅਚਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਲਗਾ ਦੇਣ ਨਾਲ ਜ਼ਿਲ੍ਹਾ ਪ੍ਰਸਾਸ਼ਨ ਅਤੇ ਪੁਲਿਸ ਪ੍ਰਸਾਸ਼ਨ ਨੂੰ ਭਾਜੜਾਂ ਪੈ ਗਈਆ। ਕਲ ਬਠਿੰਡਾ ਵਿਖੇ ਕਰੀਬ 100 ਆਂਗਨਵਾੜੀ ਵਰਕਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਤੇ ਉਨ੍ਹਾਂ ਵਿਰੁਧ ਸੀ.ਆਰ.ਪੀ.ਸੀ ਦੀ ਧਾਰਾ 111 ਤਹਿਤ ਨੋਟਿਸ ਕੱਢ ਦਿਤੇ ਗਏ ਸਨ।
Strike of Aanganwari Workers and Helpers
ਮਾਲਵਾ ਖੇਤਰ ਦੇ 10 ਜਿਲ੍ਹਿਆਂ ਦੀਆਂ ਆਗੂਆਂ ਨੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਘੇਰ ਲਿਆ ਤੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕੀਤੀ। ਬਾਅਦ ਵਿਚ ਤਹਿਸੀਲਦਾਰ ਸੁਖਵੀਰ ਸਿੰਘ, ਐਸ ਪੀ ਗੁਰਮੀਤ ਸਿੰਘ ਅਤੇ ਹੋਰ ਉੱਚ ਅਧਿਕਾਰੀਆਂ ਨੇ ਹਰਗੋਬਿੰਦ ਕੌਰ ਨਾਲ ਗੱਲਬਾਤ ਕੀਤੀ। ਫ਼ੈਸਲਾ ਹੋਇਆ ਕਿ ਜਿਨ੍ਹਾਂ 100 ਆਗੂਆਂ ਵਿਰੁਧ ਪਰਚੇ ਕੱਟੇ ਗਏ ਸਨ ਜਾਂ ਨੋਟਿਸ ਕੱਢੇ ਗਏ ਸਨ, ਉਨ੍ਹਾਂ ਨੂੰ ਵਾਪਸ ਲਿਆ ਜਾਵੇਗਾ। ਇਸੇ ਤਰ੍ਹਾਂ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਪਿਛਲੇਂ ਲੰਮੇਂ ਸਮੇਂ ਤੋਂ ਲੱਗੇ ਰੋਸ ਧਰਨੇ ਨੂੰ ਹਟਾਉਣ ਲਈ ਪੁਲਿਸ ਵਲੋਂ ਧਰਨੇ ਵਾਲੀ ਥਾਂ ਤੋਂ ਪੁੱਟੇ ਟੈਂਟ ਤੇ ਹੋਰ ਸਮਾਨ ਵਾਪਸ ਕਰ ਦਿਤਾ ਗਿਆ। ਇਹ ਵੀ ਫੈਸਲਾ ਹੋਇਆ ਕਿ ਅੱਜ 95 ਦਿਨ ਤੋਂ ਲੜੀਵਾਰ ਰੋਸ ਧਰਨਾ ਵਿੱਤ ਮੰਤਰੀ ਦੇ ਦਫ਼ਤਰ ਦੀ ਥਾਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਕੋਲ ਚੱਲੇਗਾ। ਸਬੰਧਤ ਮੰਤਰੀ ਨਾਲ 14 ਮਈ ਤੋਂ ਪਹਿਲਾਂ ਮੀਟਿੰਗ ਕਰਵਾਉਣ ਦਾ ਭਰੋਸਾ ਦਿਤਾ ਗਿਆ। ਇਸ ਮੌਕੇ ਸ਼ਿੰਦਰਪਾਲ ਕੌਰ ਥਾਂਦੇਵਾਲਾ, ਬਲਵੀਰ ਕੌਰ ਮਾਨਸਾ, ਗੁਰਮੀਤ ਕੌਰ ਗੋਨਿਆਣਾ, ਸ਼ਿੰਦਰਪਾਲ ਕੌਰ ਭਗਤਾ, ਕ੍ਰਿਸ਼ਨਾ ਦੇਵੀ ਔਲਖ ਆਦਿ ਆਗੂ ਮੌਜੂਦ ਸਨ।