
ਜ਼ਿਆਦਾਤਰ ਉਮੀਦਵਾਰ ਚੋਣਾਂ ਦੌਰਾਨ ਮੁੱਦਿਆਂ ਦੀ ਬਜਾਏ ਅਪਣੇ ਸੈਲੇਬ੍ਰਿਟੀ ਹੋਣ ਦਾ ਜ਼ਿਆਦਾ ਲਾਭ ਲੈਂਦੇ ਨਜ਼ਰ ਆ ਰਹੇ ਹਨ।
ਪੰਜਾਬ: 2019 ਦੀਆਂ ਲੋਕ ਸਭਾ ਚੋਣਾਂ ਦਾ ਮੈਦਾਨ ਭਾਵੇਂ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਪਰ ਜ਼ਿਆਦਾਤਰ ਉਮੀਦਵਾਰ ਇਨ੍ਹਾਂ ਚੋਣਾਂ ਦੌਰਾਨ ਮੁੱਦਿਆਂ ਦੀ ਬਜਾਏ ਅਪਣੇ ਸੈਲੇਬ੍ਰਿਟੀ ਹੋਣ ਦਾ ਜ਼ਿਆਦਾ ਲਾਭ ਲੈਂਦੇ ਨਜ਼ਰ ਆ ਰਹੇ ਹਨ। ਜਿਨ੍ਹਾਂ ਦੀ ਇਕ ਝਲਕ ਦੇਖਣ ਲਈ ਅਕਸਰ ਲੋਕਾਂ ਨੂੰ ਆਪਸ ਵਿਚ ਉਲਝਦੇ ਦੇਖਿਆ ਜਾ ਸਕਦਾ ਹੈ। ਫਿਲਮ ਨਗਰੀ ਮੁੰਬਈ ਤੋਂ ਉਠਾ ਕੇ ਵੱਖ-ਵੱਖ ਖੇਤਰਾਂ ਵਿਚ ਉਤਾਰੇ ਗਏ ਅਦਾਕਾਰ ਭਾਵੇਂ ਰਾਜਨੀਤੀ ਤੋਂ ਕੋਰੇ ਹਨ ਪਰ ਉਹ ਅਪਣੇ ਫਿਲਮੀ ਸਟਾਇਲ ਜ਼ਰੀਏ ਲੋਕਾਂ ਨੂੰ ਜ਼ਰੂਰ ਆਕਰਸ਼ਿਤ ਕਰ ਰਹੇ ਹਨ।
Sunny Deol
ਪੰਜਾਬ ਦੇ ਗੁਰਦਾਸਪੁਰ ਦੀ ਤੋਂ ਭਾਜਪਾ ਨੇ ਸੰਨੀ ਦਿਓਲ ਨੂੰ ਉਮੀਦਵਾਰ ਬਣਾਇਆ ਹੈ। ਸੰਨੀ ਦਿਓਲ ਪੰਜਾਬ ਦੇ ਕਿਸੇ ਮੁੱਦੇ ਦੀ ਗੱਲ ਕਰਨ ਦੀ ਬਜਾਏ ਅਪਣੇ ਫਿਲਮੀ ਸਟਾਇਲ ਦੀ ਵਰਤੋਂ ਕਰਕੇ ਹੀ ਲੋਕਾਂ ਤੋਂ ਵੋਟਾਂ ਬਟੋਰਨ ਵਿਚ ਲੱਗੇ ਹੋਏ ਹਨ। ਜਿੱਥੇ ਸੰਨੀ ਦਿਓਲ ਦੀਆਂ ਚੋਣ ਰੈਲੀਆਂ ਵਿਚ ਉਸ ਦੀਆਂ ਫੇਮਸ ਫਿਲਮਾਂ ਦੇ ਡਾਇਲਾਗ ਸੁਣਾਈ ਦਿੰਦੇ ਹਨ ਤਾਂ ਉਥੇ ਹੀ ਉਨ੍ਹਾਂ ਦੇ ਹੱਕ ਵਿਚ ਨਲਕਾ ਵੀ ਫੜਿਆ ਹੋਇਆ ਦਿਖਾਈ ਦਿੰਦਾ ਹੈ। ਜਿਸ ਨੂੰ ਗ਼ਦਰ ਫਿਲਮ ਵਿਚ ਪੁੱਟ ਕੇ ਉਹ ਕਾਫ਼ੀ ਮਸ਼ਹੂਰ ਹੋਏ ਸਨ।
Jassi Jasraj
ਪੰਜਾਬ ਦੀ ਸੰਗਰੂਰ ਸੀਟ ਤੋਂ ਪੀਡੀਏ ਦੇ ਉਮੀਦਵਾਰ ਜੱਸੀ ਜਸਰਾਜ ਦੇ ਹੱਥ ਵਿਚ ਮੰਜੇ ਦਾ ਪਾਵਾ ਫੜਿਆ ਦੇਖਿਆ ਜਾਂਦਾ ਹੈ। ਉਂਝ ਜੱਸੀ ਪੰਜਾਬ ਦੇ ਮੁੱਦਿਆਂ ਦੀ ਗੱਲ ਭਾਵੇਂ ਕਾਫ਼ੀ ਜ਼ੋਰ ਸ਼ੋਰ ਨਾਲ ਕਰਦੇ ਹਨ ਪਰ ਇਕ ਗੱਲ ਸਮਝ ਤੋਂ ਬਾਹਰ ਹੈ ਕਿ ਉਹ ਹੱਥ ਵਿਚ ਪਾਵਾ ਫੜ ਕੇ ਕੀ ਸਾਬਤ ਕਰਨਾ ਚਾਹੁੰਦੇ ਹਨ। ਬਾਲੀਵੁੱਡ ਅਦਾਕਾਰ ਜਾਂ ਹੋਰ ਮਸ਼ਹੂਰ ਕਲਾਕਾਰਾਂ ਦਾ ਸਿਆਸਤ ਵਿਚ ਆਉਣਾ ਕੋਈ ਨਵੀਂ ਗੱਲ ਨਹੀਂ ਪਰ ਜਿੰਨੇ ਬਾਲੀਵੁੱਡ ਅਦਾਕਾਰ ਇਨ੍ਹਾਂ ਚੋਣਾਂ ਦੇ ਮੈਦਾਨ ਵਿਚ ਉਤਰੇ ਹੋਏ ਹਨ। ਓਨੇ ਸ਼ਾਇਦ ਪਹਿਲਾਂ ਕਦੇ ਨਹੀਂ ਉਤਰੇ।
ਖ਼ਾਸ ਤੌਰ 'ਤੇ ਭਾਜਪਾ ਵਿਚ ਬਾਲੀਵੁੱਡ ਅਦਾਕਾਰਾਂ ਜਾਂ ਗਾਇਕਾਂ ਦਾ ਇਸ ਵਾਰ ਹੜ੍ਹ ਜਿਹਾ ਆਇਆ ਹੋਇਆ ਹੈ। ਦਰਅਸਲ ਕੁੱਝ ਪਾਰਟੀਆਂ ਫਿਲਮੀ ਸਿਤਾਰਿਆਂ ਦੀ ਲੋਕਪ੍ਰਿਯਤਾ ਦੇ ਸਹਾਰੇ ਹੀ ਚੋਣ ਜਿੱਤਣਾ ਚਾਹੁੰਦੀਆਂ ਪਰ ਇਸ ਦਾ ਜਵਾਬ ਜਨਤਾ ਨੂੰ ਜ਼ਰੂਰ ਦੇਣਾ ਚਾਹੀਦਾ ਹੈ।