
83 ਸਾਲਾ ਔਰਤ ਪੰਚਕੂਲਾ ਦੇ ਨਿੱਜੀ ਹਸਪਤਾਲ 'ਚ ਸੀ ਦਾਖ਼ਲ
ਚੰਡੀਗੜ੍ਹ, 3 ਮਈ (ਤਰੁਣ ਭਜਨੀ): ਸ਼ਹਿਰ ਵਿਚ ਰਹਿਣ ਵਾਲੀ 83 ਸਾਲ ਦੀ ਕੋਰੋਨਾ ਪਾਜ਼ੇਟਿਵ ਦਰਸ਼ਨਾ ਦੇਵੀ ਦੀ ਮੌਤ ਹੋ ਗਈ। ਕੋਰੋਨਾ ਨਾਲ ਸ਼ਹਿਰ ਵਿਚ ਇਹ ਪਹਿਲੀ ਮੌਤ ਹੈ। ਦਰਸ਼ਨਾ ਦੇਵੀ ਦਾ 14 ਦਿਨ ਤੋਂ ਇਲਾਜ ਚਲ ਰਿਹਾ ਸੀ। ਉਹ ਪੰਚਕੂਲਾ ਸੈਕਟਰ 21 ਦੇ ਆਲਕੈਮਿਸਟ ਹਸਪਤਾਲ ਵਿਚ ਦਾਖ਼ਲ ਸੀ। ਡਾਕਟਰਾਂ ਨੇ ਦਸਿਆ ਕਿ ਇਨ੍ਹਾਂ 14 ਦਿਨਾਂ ਵਿਚ ਦਰਸ਼ਨਾ ਦੀ ਸਿਰਫ਼ ਇਕ ਦਿਨ ਹੀ ਸਹਿਤ ਵਿਚ ਸੁਧਾਰ ਆਇਆ ਸੀ। ਉਸ ਤੋਂ ਬਾਅਦ ਉਨ੍ਹਾਂ ਦੀ ਬੀਮਾਰੀ ਹੋਰ ਵਧਦੀ ਚਲੀ ਗਈ। ਐਤਵਾਰ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ।
ਚੰਡੀਗੜ੍ਹ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਉਹ ਚੰਡੀਗੜ੍ਹ ਸੈਕਟਰ-18 ਦੀ ਰਹਿਣ ਵਾਲੀ ਸੀ। ਉਹ ਪਹਿਲਾਂ ਸਾਹ ਵਿਚ ਤਕਲੀਫ਼ ਹੋਣ ਕਾਰਨ ਨਿਜੀ ਹਸਪਤਾਲ ਵਿਚ ਦਾਖ਼ਲ ਸੀ। ਇਸ ਉਪਰੰਤ ਉਨ੍ਹਾਂ ਨੂੰ ਕੋਰੋਨਾ ਸ਼ੱਕੀ ਮੰਨ ਕੇ ਉਨ੍ਹਾਂ ਦਾ ਸੈਂਪਲ ਲਿਆ ਗਿਆ ਸੀ, ਜਿਸ ਬਾਅਦ ਵਿਚ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ, ਜਿਸ 'ਤੇ ਉਨ੍ਹਾਂ ਦਾ ਕੋਵਿਡ-19 ਦਾ ਇਲਾਜ ਸ਼ੁਰੂ ਕੀਤਾ ਗਿਆ।
ਔਰਤ ਦੀ ਉਮਰ ਜ਼ਿਆਦਾ ਹੋਣ ਅਤੇ ਫੇਫੜਿਆਂ ਵਿਚ ਸੰਕਰਮਣ ਹੋਣ ਕਾਰਨ ਰਿਕਵਰ ਨਹੀਂ ਕਰ ਪਾਈ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇਸ ਦੇ ਉਲਟ ਸ਼ਹਿਰ ਵਿਚ ਐਤਵਾਰ ਇਕ ਖ਼ੁਸ਼ਖਬਰੀ ਵਾਲੀ ਗੱਲ ਵੀ ਸਾਹਮਣੇ ਆਈ। ਐਤਵਾਰ ਪੀਜੀਆਈ ਤੋਂ ਕੋਰੋਨਾ ਦੇ ਦੋ ਹੋਰ ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿਤੀ ਗਈ।