
ਕੀ ਸਿੱਖੀ ਭੇਸ ਵਾਲਿਆਂ ਇਹ ਕਾਂਡ ਆਪ ਕੀਤਾ : ਗਿ ਕੇਵਲ ਸਿੰਘ
ਅੰਮ੍ਰਿਤਸਰ 3 ਮਈ ( ਸੁਖਵਿੰਦਰਜੀਤ ਸਿੰਘ ਬਹੋੜੂ) : ਸਿੱਖ ਸੰਸਥਾਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋ-ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਇਕ ਪਰਵਾਰ ਵਲੋਂ ਗੁਰਬਾਣੀ ਪੋਥੀਆਂ ਤੇ ਗੁਟਕਾ ਸਾਹਿਬ ਇਕ ਕੂੜੇ ਦੀ ਗੱਡੀ ਵਿਚ ਸੁੱਟ ਕੇ ਕੀਤੀ ਬੇਅਦਬੀ'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
File photo
ਉਕਤ ਆਗੂਆਂ ਅਨੁਸਾਰ ਕੂੜੇ ਵਾਲੀ ਗੱਡੀ ਦੇ ਡਰਾਈਵਰ ਗੁਰਦੀਪ ਸਿੰਘ ਦੀ ਸਿਆਣਪ ਕਾਰਨ ਗੁਰਬਾਣੀ ਦੀਆਂ ਪੋਥੀਆਂ ਸੁਰੱਖਿਅਤ ਰਹਿ ਸਕੀਆਂ ਹਨ ਅਤੇ ਗੁਰੂ ਨਾਨਕਪੁਰਾ ਦੇ ਗੁਰਦਵਾਰਾ ਸਿੰਘ ਸਭਾ ਵਿਖੇ ਪੁੱਜ ਸਕੀਆਂ ਹਨ। ਜੇਕਰ ਗੱਡੀ ਚੋਂ ਕੂੜਾ ਸੁੱਟਣ ਸਮੇਂ ਡਰਾਈਵਰ ਦੀ ਨਜ਼ਰ ਇਹਨਾਂ ਪੋਥੀਆਂ 'ਤੇ ਨਾ ਪੈਂਦੀ ਤਾਂ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦਾਰਥ ਪਹਿਲਾ ਭਾਗ, ਨਿਤਨੇਮ ਤੇ ਸੁਖਮਨੀ ਸਾਹਿਬ ਗੁਟਕਾ ਸਾਹਿਬ ਦੀ ਭਾਰੀ ਬੇਅਦਬੀ ਹੋਣੀ ਸੀ, ਉਥੇ ਘਟਨਾ ਇਕ ਬੁਝਾਰਤ ਬਣਨੀ ਸੀ।
ਇਸ ਘਟਨਾ ਦੇ ਨਾਲ ਨਾਲ ਇਹ ਚਰਚਾ ਵੀ ਚਲ ਰਹੀ ਹੈ ਕਿ ਸਿੱਖੀ ਭੇਸ ਵਿਚ ਇਹ ਕਾਰਾ ਕਰਨ ਵਾਲਿਆਂ ਪਿਛੇ ਕਿਸੇ ਧਰਮ ਪਰਿਵਰਤਨ ਵਰਤਾਰੇ ਦਾ ਅਸਰ ਹੋ ਸਕਦਾ ਹੈ। ਜ਼ਿਲ੍ਹਾ ਪੁਲਿਸ ਨੇ ਚਾਰ ਦੋਸ਼ੀਆਂ ਨੂੰ ਫੜ ਲਿਆ ਹੋਇਆ ਹੈ ਅਤੇ ਅਦਾਲਤੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਪਰ ਪੰਥਕ ਤਾਲਮੇਲ ਸੰਗਠਨ ਦੀ ਮੰਗ ਹੈ ਕਿ ਪੁਲਿਸ ਡੂੰਘੀ ਜਾਂਚ ਪੜਤਾਲ ਕਰ ਕੇ ਇਸ ਘਟਨਾ ਪਿਛੇ ਨਜ਼ਰ ਆ ਰਹੀ ਸਾਜਿਸ਼ ਦਾ ਪਰਦਾਫਾਸ਼ ਕਰੇ। ਪੰਥਕ ਜਥੇਬੰਦੀਆਂ ਦਾ ਖਦਸ਼ਾ ਬਰਕਰਾਰ ਅਤੇ ਰੋਸ ਹੈ ਕਿ ਜੇਕਰ ਪਿਛਲੇ ਸਮੇਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਿਆਂ ਵਿਚ ਕਾਰਵਾਈ ਕੀਤੀ ਹੁੰਦੀ ਤਾਂ ਵਾਰ ਵਾਰ ਅਜਿਹੇ ਅਪਰਾਧ ਕਰਨ ਦਾ ਕੋਈ ਹੀਆ ਨਾ ਕਰਦਾ।