
ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਲੋਕ-ਪੱਖੀ ਕਿਸਾਨ, ਮਜ਼ਦੂਰ, ਤਰਕਸ਼ੀਲ, ਜਮਹੂਰੀ, ਲੇਖਕ, ਪੱਤਰਕਾਰ ਸਖ਼ਸ਼ੀਅਤਾਂ ਨੂੰ ਵਿਚਾਰ-ਚਰਚਾ ‘ਚ ਸ਼ਿਰਕਤ ਕਰਨ ਦੀ ਜ਼ੋਰਦਾਰ ਅਪੀਲ ਕੀਤੀ
ਜਲੰਧਰ (ਬਲਵੰਤ ਸਿੰਘ ਰੁਪਾਲ): ਕਾਰਲ ਮਾਰਕਸ ਦੇ 203ਵੇਂ ਜਨਮ ਦਿਹਾੜੇ ਮੌਕੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ‘ਚ ਮਾਰਕਸ ਦੀਆਂ ਸਿੱਖਿਆਵਾਂ ਦੀ ਰੌਸ਼ਨੀ ‘ਚ ਮੁਲਕ ‘ਤੇ ਛਾਏ ਹੋਰਨਾਂ ਗੰਭੀਰ ਸੁਆਲਾਂ ਸਮੇਤ ਕਰੋਨਾ ਨਾਲ ਜੁੜਵੇਂ ਮਸਲੇ ਉਪਰ 5 ਮਈ ਦਿਨ ਬੁੱਧਵਾਰ, ਸਵੇਰੇ 10:30 ਵਜੇ ਗੰਭੀਰ ਵਿਚਾਰ-ਚਰਚਾ ਕੀਤੀ ਜਾਏਗੀ।
Karl Marx birthday
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਦਹਾਕਿਆਂ ਤੋਂ ਕਿਰਤੀ ਲਹਿਰ ਦੇ ਨਾਮਵਰ ਆਗੂ ਅਤੇ ‘ਕਿਰਤੀ‘ ਅਖ਼ਬਾਰ ਦੇ ਸੰਪਾਦਕ ਭਾਈ ਸੰਤੋਖ ਸਿੰਘ ‘ਕਿਰਤੀ‘ ਭਾਸ਼ਣ ਲੜੀ ਤਹਿਤ ਮਾਰਕਸ ਦੇ ਜਨਮ ਦਿਨ ‘ਤੇ ਹੁੰਦੀ ਆ ਰਹੀ ਵਿਚਾਰ-ਚਰਚਾ, ਇਸ ਵਾਰ ਕਿਸਾਨ ਮਜ਼ਦੂਰ ਅੰਦੋਲਨ ਅਤੇ ਕਰੋਨਾ ਨਾਲ ਜੁੜੇ ਮਹੱਤਵਪੂਰਣ ਪੱਖਾਂ ਉਪਰ ਕੇਂਦਰਤ ਕੀਤੀ ਜਾਏਗੀ।
Farmers Protest
ਵਿਚਾਰ-ਚਰਚਾ ‘ਚ ਡਾ. ਸ਼ਿਆਮ ਸੁੰਦਰ ਦੀਪਤੀ ਕਿਸਾਨ ਮੋਰਚਾ ਅਤੇ ਕਰੋਨਾ ਨਾਲ ਜੁੜੇ ਭਖ਼ਵੇਂ ਸੁਆਲਾਂ ਬਾਰੇ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ ਮਾਰਕਸਵਾਦ ਦੀ ਪ੍ਰਸੰਗਕਤਾ ਬਾਰੇ ਵਿਚਾਰ ਕਰਨਗੇ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਲੋਕ-ਪੱਖੀ ਕਿਸਾਨ, ਮਜ਼ਦੂਰ, ਤਰਕਸ਼ੀਲ, ਜਮਹੂਰੀ, ਲੇਖਕ, ਪੱਤਰਕਾਰ ਸਖ਼ਸ਼ੀਅਤਾਂ ਨੂੰ ਵਿਚਾਰ-ਚਰਚਾ ‘ਚ ਸ਼ਿਰਕਤ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਹੈ।
Desh Bhagat Yaadgar Hall