
5 ਮਈ ਨੂੰ ਤੀਜੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕੇਗੀ ਮਮਤਾ ਬੈਨਰਜੀ
ਕੋਲਕਾਤਾ, 3 ਮਈ : ਪਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਪਾਰਟੀ ਤਿ੍ਰਣਮੂੁਲ ਕਾਂਗਰਸ (ਟੀ. ਐਮ. ਸੀ.) ਨੇ ਤੀਜੀ ਵਾਰ ਸ਼ਾਨਦਾਰ ਜਿੱਤ ਹਾਸਲ ਕੀਤੀ। ਐਤਵਾਰ ਨੂੰ 4 ਸੂਬਿਆਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਦੀ ਵੋਟਾਂ ਦੀ ਗਿਣਤੀ ਹੋਈ, ਜਿਸ ’ਚ ਟੀ. ਐੱਮ. ਸੀ. ਨੇ ਬੰਗਾਲ ’ਚ ਤੀਜੀ ਵਾਰ 200 ਦਾ ਅੰਕੜਾ ਪਾਰ ਕੀਤਾ। ਕੋਲਕਾਤਾ ਵਿਚ ਸੋਮਵਾਰ ਟੀ. ਐੱਮ. ਸੀ. ਦੇ ਪਾਰਟੀ ਦਫ਼ਤਰ ’ਚ ਬੈਠਕ ਹੋਈ, ਜਿਸ ’ਚ ਮਮਤਾ ਬੈਨਰਜੀ ਨੂੰ ਤੀਜੀ ਵਾਰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਮਮਤਾ ਬੈਨਰਜੀ 5 ਮਈ ਨੂੰ ਤੀਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁਕੇਗੀ।
ਪਛਮੀ ਬੰਗਾਲ ਵਿਚ ਟੀ. ਐੱਮ. ਸੀ. ਨੇ 213 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਮਮਤਾ ਬੈਨਰਜੀ ਤੀਜੀ ਵਾਰ ਬੰਗਾਲ ’ਚ ਸਰਕਾਰ ਬਣਾਉਣ ਜਾ ਰਹੀ ਹੈ। ਬੰਗਾਲ ਦੇ ਰਾਜਪਾਲ ਓ. ਪੀ. ਧਨਖੜ ਮਮਤਾ ਨੂੰ ਤੀਜੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਉਣਗੇ। ਹਾਲਾਂਕਿ ਮਮਤਾ ਨੰਦੀਗ੍ਰਾਮ ਤੋਂ ਚੋਣ ਹਾਰ ਗਈ। ਮਮਤਾ ਨੂੰ ਭਾਜਪਾ ਦੇ ਸ਼ੁਭੇਂਦੁ ਅਧਿਕਾਰੀ ਨੇ 1,956 ਵੋਟਾਂ ਨਾਲ ਹਰਾਇਆ। ਉਧਰ ਟੀ. ਐੱਮ. ਸੀ. ਨੇ ਚੋਣ ਕਮਿਸ਼ਨ ਨੂੰ ਵੋਟਾਂ ਦੀ ਮੁੜ ਗਿਣਤੀ ਲਈ ਬੇਨਤੀ ਕੀਤੀ ਸੀ ਪਰ ਚੋਣ ਕਮਿਸ਼ਨ ਨੇ ਇਸ ਅਪੀਲ ਨੂੰ ਠੁਕਰਾ ਦਿਤਾ। ਇਸ ਤੋਂ ਬਾਅਦ ਮਮਤਾ ਨੇ ਕਿਹਾ ਕਿ ਉਹ ਨੰਦੀਗ੍ਰਾਮ ਦੇ ਚੋਣ ਨਤੀਜਿਆਂ ਵਿਰੁਧ ਕੋਰਟ ’ਚ ਜਾਵੇਗੀ।
ਮਮਤਾ ਬੈਨਰਜੀ ਨੰਦੀਗ੍ਰਾਮ ਤੋਂ ਚੋਣ ਹਾਰ ਗਈ ਹੈ। ਬਾਵਜੂਦ ਇਸ ਦੇ ਉਹ ਤੀਜੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕੇਗੀ। ਮੁੱਖ ਮੰਤਰੀ ਬਣਨ ਲਈ ਉਂਝ ਤਾਂ ਵਿਧਾਨ ਸਭਾ ਜਾਂ ਵਿਧਾਨ ਪ੍ਰੀਸ਼ਦ (ਜਿਨ੍ਹਾਂ ਸੂਬਿਆਂ ਵਿਚ ਦੋ ਸਦਨ ਹਨ) ਦਾ ਮੈਂਬਰ ਹੋਣਾ ਜ਼ਰੂਰੀ ਹੈ। ਜੇਕਰ ਵਿਧਾਨ ਸਭਾ ਜਾਂ ਵਿਧਾਨ ਪ੍ਰੀਸ਼ਦ ਮੈਂਬਰ ਨਹੀਂ ਹੈ, ਤਾਂ ਸਹੁੰ ਚੁੱਕਣ ਦੇ 6 ਮਹੀਨੇ ਦੇ ਅੰਦਰ ਮੈਂਬਰ ਬਣਨਾ ਜ਼ਰੂਰੀ ਹੁੰਦਾ ਹੈ। ਨਿਯਮਾਂ ਮੁਤਾਬਕ ਮੁੱਖ ਮੰਤਰੀ ਅਹੁਦੇ ਦੀ ਸਹੁੰ ਬਿਨਾਂ ਵਿਧਾਇਕ ਰਹਿੰਦੇ ਚੁਕੀ ਜਾ ਸਕਦੀ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਨੂੰ 6 ਮਹੀਨੇ ਦਾ ਸਮਾਂ ਮਿਲਦਾ ਹੈ। ਇਸ ਤੈਅ ਸਮੇਂ ਸੀਮਾ ਅੰਦਰ ਉਨ੍ਹਾਂ ਦਾ ਵਿਧਾਨ ਸਭਾ ਜਾਂ ਵਿਧਾਨ ਪ੍ਰੀਸ਼ਦ ਦਾ ਮੈਂਬਰ ਬਣਨਾ ਜ਼ਰੂਰੀ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਮੁੱਖ ਮੰਤਰੀ ਅਹੁਦਾ ਛਡਣਾ ਪਵੇਗਾ। (ਪੀਟੀਆਈ)