
ਅੰਦੋਲਨ ਨੂੰ ਹੋਰ ਤਕੜਾ ਕਰਨ ਤੇ ਭਾਜਪਾ ਆਗੂਆਂ ਦਾ ਵਿਰੋਧ ਤੇਜ਼ ਕਰਨ ਦਾ ਐਲਾਨ
ਚੰਡੀਗੜ੍ਹ (ਭੁੱਲਰ): ਕਈ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਨਤੀਜੇ ਆਉਣ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਹਾਲ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਦੇ ਭਾਰੀ ਰੋਸ ਕਾਰਨ ਭਾਜਪਾ ਦੀ ਬੁਰੀ ਹਾਰ ਹੋਈ ਹੈ। ਤਿੰਨ ਖੇਤੀਬਾੜੀ ਕਾਨੂੰਨਾਂ ਰਾਹੀਂ ਮੰਡੀ ਪ੍ਰਣਾਲੀ ਨੂੰ ਖ਼ਤਮ ਕਰਨ, ਕਾਰਪੋਰੇਟ ਨੂੰ ਸਟਾਕ ਦੀ ਖੁੱਲ੍ਹੀ ਛੋਟ ਦੇਣ ਅਤੇ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਕਾਰਪੋਰੇਟ ਕਬਜ਼ਾ ਕਰਨ ਦੀ ਨੀਅਤ ਨੂੰ ਕਿਸਾਨਾਂ ਨੇ ਪੂਰੀ ਤਰ੍ਹਾਂ ਸਮਝ ਲਿਆ ਹੈ।
MSP
ਕਿਸਾਨਾਂ ਨੂੰ ਐਮਐਸਪੀ ਨਾ ਮਿਲਣ ਕਾਰਨ ਅਤੇ ਐਮਐਸਪੀ ਦੇ ਨਾਮ ’ਤੇ ਝੂਠ ਫੈਲਾਉਣ ਕਾਰਨ ਇਨ੍ਹਾਂ ਚੋਣਾਂ ਵਿਚ ਕਿਸਾਨਾਂ ਨੇ ਆਵਦਾ ਗੁੱਸਾ ਦਿਖਾਇਆ ਹੈ। ਇਸ ਨਾਲ ਹੀ ਮਜ਼ਦੂਰ ਵਰਗ ਨੇ ਵੀ ਵੋਟ ਦੀ ਚੋਟ ਨਾਲ ਭਾਜਪਾ ਨੂੰ ਸਬਕ ਸਿਖਾਇਆ ਹੈ। ਨਵੇਂ ਲੇਬਰ ਕੋਡ ਦੇ ਜ਼ਰੀਏ ਸਰਕਾਰ ਮਜ਼ਦੂਰਾਂ ਨੂੰ ਪੂਰੀ ਤਰ੍ਹਾਂ ਗ਼ੁਲਾਮ ਬਣਾਉਣਾ ਚਾਹੁੰਦੀ ਹੈ।
Farmers Protest
ਚੋਣ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਕਿਸਾਨ ਆਗੂਆਂ ਨੇ ਦੇਸ਼ ਦੇ ਲੋਕਾਂ ਦਾ ਧਨਵਾਦ ਕੀਤਾ ਜਿਨ੍ਹਾਂ ਨੇ ਸੰਯੁਕਤ ਕਿਸਾਨ ਮੋਰਚੇ ਦੀ “ਭਾਜਪਾ ਨੂੰ ਵੋਟ ਨਹੀਂ’’ ਮੁਹਿੰਮ ਨੂੰ ਸਫ਼ਲ ਬਣਾਇਆ। ਹੁਣ ਇਸ ਊਰਜਾ ਨੂੰ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਵਲ ਸੇਧਿਤ ਕਰਨ ਦੀ ਲੋੜ ਹੈ। ਕੋਰੋਨਾ ਮਹਾਂਮਾਰੀ ਵਿਚ ਜ਼ਰੂਰੀ ਸਾਵਧਾਨੀਆਂ ਵਰਤ ਕੇ ਇਸ ਅੰਦੋਲਨ ਨੂੰ ਤੇਜ਼ ਕੀਤਾ ਜਾਵੇਗਾ।
Narendra Modi, Farmers
ਕਿਸਾਨ ਅੰਦੋਲਨ ਦੇ ਆਗੂਆਂ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਜਿੰਨਾ ਚਿਰ ਕਿਸਾਨ ਅੰਦੋਲਨ ਜਾਰੀ ਰਹੇਗਾ, ਭਾਜਪਾ ਅਤੇ ਇਸ ਦੇ ਸਹਿਯੋਗੀ ਪਾਰਟੀਆਂ ਦੇ ਆਗੂਆਂ ਦਾ ਸਮਾਜਕ ਬਾਈਕਾਟ ਜਾਰੀ ਰਹੇਗਾ। ਉਨ੍ਹਾਂ ਨੂੰ ਕਿਸੇ ਵੀ ਜਨਤਕ ਸਮਾਗਮ ਵਿਚ ਸ਼ਾਮਲ ਹੋਣ ਦੀ ਆਗਿਆ ਨਹੀਂ ਦਿਤੀ ਜਾਏਗੀ ਅਤੇ ਨਾ ਹੀ ਉਨ੍ਹਾਂ ਨੂੰ ਵਿਆਹਾਂ ਵਿਚ ਬੁਲਾਇਆ ਜਾਵੇਗਾ।
Corona Virus
ਕਿਸਾਨ ਆਗੂਆਂ ਨੇ ਕਿਹਾ ਕਿ ਤਕਨੀਕੀ ਅਤੇ ਨੀਤੀਗਤ ਪੱਧਰ ’ਤੇ ਸਿਸਟਮ ਬਣਾਉਣ ਦੀ ਬਜਾਏ ਸਰਕਾਰਾਂ ਕੋਰੋਨਾ ਮਹਾਂਮਾਰੀ ਕਾਰਨ ਲਾਕਡਾਊਨ ਲਾ ਕੇ ਲੋਕਾਂ ’ਤੇ ਪਾਬੰਦੀਆਂ ਲਾ ਰਹੀਆਂ ਹਨ। ਤਾਲਾਬੰਦੀ ਲਗਾ ਕੇ ਲੋਕ ਵਿਰੋਧੀ ਫ਼ੈਸਲੇ ਲਏ ਜਾ ਰਹੇ ਹਨ, ਇਸ ਲਈ ਅਸੀਂ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਕੋਰੋਨਾ ਦੇ ਨਾਮ ਤੇ ਕਿਸਾਨਾਂ ਅਤੇ ਆਮ ਨਾਗਰਿਕਾਂ ਨੂੰ ਤੰਗ ਪ੍ਰੇਸ਼ਾਨ ਨਾ ਕਰਿਆ ਜਾਵੇ।
ਮੋਰਚੇ ਵਲੋਂ ਇਹ ਬਿਆਨ ਅਭਿਮਨਯੁ ਕੋਹਾੜ, ਬਲਬੀਰ ਸਿੰਘ ਰਾਜੇਵਾਲ, ਡਾ: ਦਰਸ਼ਨ ਪਾਲ, ਗੁਰਨਾਮ ਸਿੰਘ ਚਡੂਨੀ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਯੁੱਧਵੀਰ ਸਿੰਘ ਤੇ ਯੋਗੇਂਦਰ ਯਾਦਵ ਵਲੋਂ ਸਾਂਝੇ ਤੌਰ ’ਤੇ ਜਾਰੀ ਕੀਤਾ ਗਿਆ।