
ਦਿੱਲੀ ਦੰਗੇ 'ਵੰਡ ਸਮੇਂ ਹੋਏ ਮਨੁੱਖੀ ਕਤਲੇਆਮ ਦੀ ਯਾਦ ਦਿਵਾਉਂਦੇ ਹਨ : ਅਦਾਲਤ
ਨਵੀਂ ਦਿੱਲੀ, 3 ਮਈ : ਦਿੱਲੀ ਦੀ ਇਕ ਅਦਾਲਤ ਨੇ 2020 ਦੇ ਦਿੱਲੀ ਦੰਗਿਆਂ ਨੂੰ 'ਵੰਡ ਸਮੇਂ ਹੋਏ ਮਨੁੱਖੀ ਕਤਲੇਆਮ' ਦੀ ਯਾਦ ਦਿਵਾਉਣ ਵਾਲੇ ਦਸਿਆ ਹੈ | ਅਦਾਲਤ ਨੇ ਵਿਅਪਕ ਪੱਧਰ 'ਤੇ ਹੋਈ ਹਿੰਸਾ ਦੌਰਾਨ ਦੂਜੇ ਧਰਮ ਦੇ ਇਕ ਲੜਕੇ 'ਤੇ ਹਮਲਾ ਕਰਨ ਦੇ ਦੋਸ਼ੀ ਸ਼ਖਸ ਦੀ ਅਗਾਉ ਜ਼ਮਾਨਤ ਅਪੀਲ ਖ਼ਾਰਜ ਕਰਦੇ ਹੋਏ ਇਹ ਟਿੱਪਣੀ ਕੀਤੀ | ਗਿ੍ਫ਼ਤਾਰੀ ਦੇ ਡਰ ਤੋਂ ਸਿਰਾਜ ਅਹਿਮਦ ਖ਼ਾਨ ਨੇ ਅਦਾਲਤ ਦਾ ਰੁਖ਼ ਕਰ ਕੇ ਮਾਮਲੇ ਵਿਚ ਅਗਾਊ ਜ਼ਮਾਨਤ ਦੀ ਬੇਨਤੀ ਕਰਦੇ ਹੋਏ ਦਾਅਵਾ ਕੀਤਾ ਕਿ ਉਸ ਨੂੰ ਇਸ ਵਿਚ ਗ਼ਲਤ ਤਰੀਕੇ ਨਾਲ ਫਸਾਇਆ ਗਿਆ ਅਤੇ ਉਸ ਦਾ ਕਥਿਤ ਅਪਰਾਧ ਨਾਲ ਕੋਈ ਲੈਣਾ ਦੇਣਾ ਨਹੀਂ ਹੈ |
ਅਗਾਊ ਜ਼ਮਾਨਤ ਅਪੀਲ ਖ਼ਾਰਜ ਕਰਦੇ ਹੋਏ ਵਧੀਕ ਸੈਸ਼ਨ ਜੱਜ ਵਿਨੋਦ ਯਾਦਵ ਨੇ ਕਿਹਾ ਕਿ ਦੋਸ਼ੀ ਵਿਰੁਧ ਲੱਗੇ ਦੋਸ਼ ਗੰਭੀਰ ਪ੍ਰਵਿਰਤੀ ਦੇ ਹਨ ਅਤੇ ਫਿਰਕੂ ਦੰਗਿਆਂ ਦੀ ਅੱਗ ਭੜਕਾਉਣ ਅਤੇ ਉਸ ਦੀ ਸਾਜ਼ਸ਼ ਰਚੇ ਜਾਣ ਦਾ ਪਰਦਾਫ਼ਾਸ਼ ਕਰਨ ਲਈ ਉਸ ਦੀ ਮੌਜੂਦਗੀ ਬਹੁਤ ਜ਼ਰੂਰੀ ਹੈ |
ਯਾਦ ਰਹੇ ਕਿ ਪਿਛਲੇ ਸਾਲ ਫ਼ਰਵਰੀ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਾਲੇ ਝੜਪਾਂ ਬੇਕਾਬੂ ਹੋਣ ਨਾਲ ਉਤਰ ਪੂਰਬੀ ਦਿੱਲੀ ਵਿਚ ਫਿਰਕੂ ਦੰਗੇ ਭੜਕ ਗਏ ਸਨ ਜਿਸ ਵਿਚ ਘੱਟੋ ਘੱਟ 53 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 200 ਲੋਕ ਜ਼ਖ਼ਮੀ ਹੋ ਗਏ ਸਨ | ਜੱਜ ਨੇ ਅਪਣੇ 29 ਅਪ੍ਰੈਲ ਦੇ ਹੁਕਮ ਵਿਚ ਕਿਹਾ,''ਇਹ ਸੱਭ ਨੂੰ ਪਤਾ ਹੈ ਕਿ 24-25 ਫ਼ਰਵਰੀ 2020 ਦੇ ਮਨਹੂਸ ਦਿਨ ਉਤਰ ਪੂਰਬੀ ਦਿੱਲੀ ਦੇ ਕੁੱਝ ਹਿੱਸੇ ਫ਼ਿਰਕੂ ਦੰਗਿਆਂ ਦੀ ਭੇਟ ਚੜ੍ਹ ਗਏ, ਜੋ ਵੰਡ ਸਮੇਂ ਹੋਏ ਮਨੁੱਖੀ ਕਤਲੇਆਮ ਦੀ ਯਾਦ ਦਿਵਾਉਂਦੇ ਹਨ'' (ਪੀਟੀਆਈ)