
ਖੇਤੀਬਾੜੀ ਅਤੇ ਹੁਨਰ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਕਰਨ ਵਿੱਚ ਦਿਲਚਸਪੀ ਜ਼ਾਹਰ ਕੀਤੀ
ਭਗਵੰਤ ਮਾਨ ਨੇ ਆਪਸੀ ਹਿੱਤਾਂ ਵਾਲੇ ਪ੍ਰਸਤਾਵਾਂ ਨੂੰ ਪੂਰਾ ਕਰਨ ਲਈ ਢੁਕਵਾਂ ਸਮਰਥਨ ਅਤੇ ਸਹਿਯੋਗ ਦੇਣ ਦਾ ਵਾਅਦਾ ਕੀਤਾ
ਚੰਡੀਗੜ੍ਹ : ਦੁਵੱਲੇ ਵਪਾਰ ਨੂੰ ਹੁਲਾਰਾ ਦੇਣ ਲਈ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ ਫੈਰਲ ਨੇ ਗੁਜਰਾਤ ਅਤੇ ਮਹਾਰਾਸ਼ਟਰ ਦੀ ਤਰਜ਼ 'ਤੇ ਪੰਜਾਬ ਨਾਲ ਖਾਸ ਤੌਰ 'ਤੇ ਖੇਤੀਬਾੜੀ ਅਤੇ ਹੁਨਰ ਵਿਕਾਸ ਦੇ ਖੇਤਰ ਵਿਚ ਸਹਿਯੋਗ ਕਰਨ ਲਈ ਡੂੰਘੀ ਦਿਲਚਸਪੀ ਜ਼ਾਹਰ ਕੀਤੀ। ਓ ਫੈਰਲ ਦੇ ਪ੍ਰਸਤਾਵ 'ਤੇ ਹੁੰਗਾਰਾ ਭਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਇਸ ਸਬੰਧ ਵਿੱਚ ਹਰ ਤਰ੍ਹਾਂ ਦੇ ਸਹਿਯੋਗ ਅਤੇ ਸਮਰਥਨ ਦਾ ਭਰੋਸਾ ਦਿੱਤਾ ਤਾਂ ਜੋ ਆਪਸੀ ਹਿੱਤਾਂ ਦੀਆਂ ਇਨ੍ਹਾਂ ਯੋਜਨਾਵਾਂ ਨੂੰ ਠੋਸ ਰੂਪ ਦੇ ਕੇ ਪੰਜਾਬ ਨੂੰ ਵਿਕਾਸ ਦੀ ਲੀਹ 'ਤੇ ਲਿਜਾਇਆ ਜਾ ਸਕੇ।
Australian High Commissioner Barry O'Farrell meets with CM Bhagwant Mann
ਓ ਫ਼ੈਰਲ ਦੀ ਅਗਵਾਈ ਵਿੱਚ ਮੈਂਬਰ ਪਾਰਲੀਮੈਂਟ ਗੁਰਮੇਸ਼ ਸਿੰਘ ਅਤੇ ਦੂਜੇ ਸਕੱਤਰ ਸਿਆਸੀ ਜੈਕ ਟੇਲਰ ਸਮੇਤ ਤਿੰਨ ਮੈਂਬਰੀ ਆਸਟਰੇਲੀਆਈ ਵਫ਼ਦ ਨੇ ਅੱਜ ਦੁਪਹਿਰ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਭਗਵੰਤ ਮਾਨ ਨੂੰ ਭਾਰਤ-ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰਕ ਸਮਝੌਤਾ (ਇੰਡਆਸ ਈਸੀਟੀਏ) ਬਾਰੇ ਜਾਣੂੰ ਕਰਵਾਉਂਦੇ ਹੋਏ ਓ' ਫੈਰਲ ਨੇ ਕਿਹਾ ਕਿ ਇੰਡਆਸ ਈਸੀਟੀਏ 10 ਸਾਲਾਂ ਵਿੱਚ ਵਿਸ਼ਾਲ ਤੇ ਵਿਕਸਤ ਅਰਥਵਿਵਸਥਾ ਨਾਲ ਭਾਰਤ ਦਾ ਪਹਿਲਾ ਦੁਵੱਲਾ ਵਪਾਰ ਸਮਝੌਤਾ ਹੈ, ਜਿਸ ਦਾ ਮਨੋਰਥ ਦੋ-ਪੱਖੀ ਵਪਾਰ ਨੂੰ ਦੁੱਗਣਾ ਕਰਨਾ ਹੈ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਆਸਟ੍ਰੇਲੀਆ ਦਾ ਟੀਚਾ ਸਾਲ 2035 ਤੱਕ ਭਾਰਤ ਨੂੰ ਆਪਣੇ ਚੋਟੀ ਦੇ ਤਿੰਨ ਬਰਾਮਦ ਬਾਜ਼ਾਰਾਂ ਵਿੱਚ ਲਿਆਉਣਾ ਅਤੇ ਇਸ ਨੂੰ ਏਸ਼ੀਆ ਵਿੱਚ ਤੀਜਾ ਮੁਲਕ ਤੋਂ ਬਾਹਰੀ ਸਭ ਤੋਂ ਵੱਡਾ ਨਿਵੇਸ਼ ਵਾਲਾ ਸਥਾਨ ਬਣਾਉਣਾ ਹੈ।
Australian High Commissioner Barry O'Farrell meets with CM Bhagwant Mann
ਓ ਫੈਰਲ ਨੇ ਅੱਗੇ ਦੱਸਿਆ ਕਿ ਪੰਜਾਬ ਨੂੰ ਆਸਟ੍ਰੇਲੀਆ ਨਾਲ ਖਾਸ ਤੌਰ 'ਤੇ ਖੇਤੀਬਾੜੀ ਅਤੇ ਖੇਤੀ-ਉਦਯੋਗ ਦੇ ਖੇਤਰ ਵਿੱਚ ਸਹਿਯੋਗ ਕਰਨ ਨਾਲ ਬਹੁਤ ਫਾਇਦਾ ਹੋ ਸਕਦਾ ਹੈ ਕਿਉਂਕਿ ਇਸ ਦੇ ਅਗਾਂਹਵਧੂ ਕਿਸਾਨਾਂ ਕੋਲ ਭੋਜਨ ਉਤਪਾਦਨ ਵਿੱਚ ਵਿਸ਼ਾਲ ਤਜਰਬੇ ਅਤੇ ਮੁਹਾਰਤ ਦਾ ਪਰਖਿਆ ਹੋਇਆ ਰਿਕਾਰਡ ਹੈ।
ਵਿਚਾਰ-ਚਰਚਾ ਵਿੱਚ ਹਿੱਸਾ ਲੈਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀਆਂ ਨੇ ਆਪਣੇ ਉੱਦਮੀ ਅਤੇ ਮਿਹਨਤੀ ਸੁਭਾਅ ਕਾਰਨ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਯੂ.ਕੇ., ਅਮਰੀਕਾ, ਇਟਲੀ ਆਦਿ ਸਮੇਤ ਦੁਨੀਆ ਭਰ ਦੇ ਸਾਰੇ ਪ੍ਰਮੁੱਖ ਦੇਸ਼ਾਂ ਦੇ ਸਮੁੱਚੇ ਸਮਾਜਿਕ-ਆਰਥਿਕ ਵਿਕਾਸ ਵਿੱਚ ਭਰਪੂਰ ਯੋਗਦਾਨ ਪਾਇਆ ਹੈ। ਭਗਵੰਤ ਮਾਨ ਨੇ ਕਿਹਾ, “ਪੰਜਾਬ ਦੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਨੁਮਾਇੰਦਗੀ ਹੈ। ਵੈਨਕੂਵਰ, ਟੋਰਾਂਟੋ, ਸਿਡਨੀ, ਆਕਲੈਂਡ ਵਿੱਚ ਵੱਡਾ ਪੰਜਾਬ ਹੈ ਅਤੇ ਯੂਕੇ ਵਰਗੇ ਮੁਲਕ ਵਿੱਚ ਮਿੰਨੀ ਪੰਜਾਬ ਵਸਦਾ ਹੈ।”
Australian High Commissioner Barry O'Farrell meets with CM Bhagwant Mann
ਇਸ ਵਿਚਾਰ-ਵਟਾਂਦਰੇ ਦੇ ਹਾਂ-ਪੱਖੀ ਨਤੀਜਿਆਂ 'ਤੇ ਭਰੋਸਾ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਵਫ਼ਦ ਨੂੰ ਇਨ੍ਹਾਂ ਆਪਸੀ ਤਜਵੀਜ਼ਾਂ ਨੂੰ ਜ਼ਮੀਨੀ ਪੱਧਰ ਉਤੇ ਅਮਲੀਜਾਮਾ ਪਹਿਨਾਉਣ ਲਈ ਆਪਣੇ ਵਧੀਕ ਮੁੱਖ ਸਕੱਤਰ ਏ. ਵੇਨੂੰ ਪ੍ਰਸਾਦ, ਜੋ ਮੀਟਿੰਗ ਵਿੱਚ ਹਾਜ਼ਰ ਸਨ, ਦੀ ਅਗਵਾਈ ਵਾਲੇ ਅਧਿਕਾਰੀਆਂ ਦੀ ਟੀਮ ਦੇ ਸੰਪਰਕ ਵਿੱਚ ਰਹਿਣ ਲਈ ਆਖਿਆ।
ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਓ ਫੈਰਲ ਨੇ ਪੰਜਾਬ ਨਾਲ ਵਪਾਰ ਅਤੇ ਵਪਾਰ ਨੂੰ ਹੁਲਾਰਾ ਦੇਣ ਲਈ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਂਦੇ ਹੋਏ ਅਤਿ ਲੋੜੀਂਦੇ ਤਾਲਮੇਲ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਗਵੰਤ ਮਾਨ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਟੀਮ ਆਰਥਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਨਾਲ ਸਰਗਰਮੀ ਨਾਲ ਜੁੜੇਗੀ।