
5-ਜੀ ਮਾਮਲਾ : ਦਿੱਲੀ ਹਾਈ ਕੋਰਟ ਨੇ ਖ਼ਾਰਜ ਕੀਤੀ ਜੂਹੀ ਚਾਵਲਾ ਦੀ ਪਟੀਸ਼ਨ, ਲਾਇਆ ਭਾਰੀ ਜੁਰਮਾਨਾ
ਨਵੀਂ ਦਿੱਲੀ, 4 ਜੂਨ : ਦਿੱਲੀ ਹਾਈ ਕੋਰਟ ਨੇ ਬਾਲੀਵੁਡ ਅਦਾਕਾਰਾ ਜੂਹੀ ਚਾਵਲਾ ਦੀ 5-ਜੀ ਵਾਇਰਲੈਸ ਨੈਟਵਰਕ ਤਕਨੀਕ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖ਼ਾਰਜ ਕਰ ਦਿਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਸਖ਼ਤ ਟਿੱਪਣੀ ਕਰਦੇ ਹੋਏ ਜੂਹੀ ’ਤੇ 20 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਹਾਈ ਕੋਰਟ ਨੇ ਭਾਰਤ ਵਿਚ 5-ਜੀ ਤਕਨੀਕ ਨੂੰ ਲਾਗੂ ਕਰਨ ਵਿਰੁਧ ਜੂਹੀ ਚਾਵਲਾ ਦੀ ਪਟੀਸ਼ਨ ’ਤੇ ਅਪਣਾ ਫ਼ੈਸਲਾ ਸੁਰੱਖਿਅਤ ਰਖਿਆ ਸੀ। ਜੂਹੀ ਚਾਵਲਾ ਨੇ ਦੇਸ਼ ਵਿਚ 5-ਜੀ ਵਾਇਰਲੈਸ ਨੈੱਟਵਰਕ ਸਥਾਪਤ ਕਰਨ ਵਿਰੁਧ ਸੋਮਵਾਰ ਨੂੰ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕੀਤੀ ਸੀ। ਪਟੀਸ਼ਨ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਕਿਹਾ ਕਿ ਇਹ ਪਟੀਸ਼ਨ ਪੂਰੀ ਤਰ੍ਹਾਂ ਮੀਡੀਆ ਪਬਲੀਸਿਟੀ ਲਈ ਦਾਖ਼ਲ ਕੀਤੀ ਗਈ ਹੈ। ਕੋਰਟ ਨੇ ਸਵਾਲ ਕਰਦੇ ਹੋਏ ਜੂਹੀ ਨੂੰ ਕਿਹਾ ਕਿ ਕੀ ਸਾਡੇ ਤਕ ਪਹੁੰਚਣ ਤੋਂ ਪਹਿਲਾਂ ਤੁਸੀਂ ਸਰਕਾਰਾਂ ਤਕ ਪਹੁੰਚ ਕੀਤੀ ਸੀ? ਕੀ ਸਰਕਾਰ ਨੇ ਤੁਹਾਡੇ ਇਸ ਮਸਲੇ ’ਤੇ ਕੋਈ ਵਿਚਾਰ ਨਹੀਂ ਕੀਤਾ? ਪਟੀਸ਼ਨ ਵਿਚ ਜੂਹੀ ਨੇ ਦਲੀਲ ਦਿਤੀ ਸੀ ਕਿ 5-ਜੀ ਤਕਨੀਕ ਨਾਲ ਨਾਗਰਿਕਾਂ, ਜਾਨਵਰਾਂ, ਦਰੱਖ਼ਤਾਂ ਨੂੰ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਜੇ 5-ਜੀ ਤਕਨੀਕ ਆਉਂਦੀ ਹੈ ਤਾਂ ਧਰਤੀ ’ਤੇ ਅਜਿਹਾ ਕੋਈ ਵਿਅਕਤੀ, ਜਾਨਵਰ ਨਹੀਂ ਹੋਵੇਗਾ ਜੋ ਸਾਲ ਦੇ 365 ਦਿਨ ਰੇਡੀਏਸ਼ਨ ਤੋਂ ਬਚ ਸਕੇ। ਉਨ੍ਹਾਂ ਕਿਹਾ ਸੀ ਕਿ 5-ਜੀ ਮਨੁੱਖਾਂ ਅਤੇ ਜਾਨਵਰਾਂ ਲਈ ਗੰਭੀਰ ਖ਼ਤਰਾ ਹੈ। (ਪੀਟੀਆਈ)