ਪਾਰਟੀ 'ਚ ਚੱਲ ਰਹੇ ਘਮਸਾਨ ਦੌਰਾਨ ਕੈਪਟਨ ਦਾ ਜਲਵਾ
Published : Jun 4, 2021, 1:46 am IST
Updated : Jun 4, 2021, 1:46 am IST
SHARE ARTICLE
image
image

ਪਾਰਟੀ 'ਚ ਚੱਲ ਰਹੇ ਘਮਸਾਨ ਦੌਰਾਨ ਕੈਪਟਨ ਦਾ ਜਲਵਾ


'ਆਪ' ਦੇ ਬਾਗ਼ੀ ਸੁਖਪਾਲ ਖਹਿਰਾ, ਜਗਦੇਵ ਕਮਾਲੂ ਤੇ ਪਿਰਮਲ ਸਿੰਘ ਕਾਂਗਰਸ ਵਿਚ ਸ਼ਾਮਲ

ਚੰਡੀਗੜ੍ਹ, 3 ਜੂਨ (ਗੁਰਉਪਦੇਸ਼ ਭੁੱਲਰ) : ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਚਰਚਾ ਅੱਜ ਉਸ ਸਮੇਂ ਸਹੀ ਸਾਬਤ ਹੋਈ ਜਦੋਂ ਆਮ ਆਦਮੀ ਪਾਰਟੀ ਦੇ ਤਿੰਨ ਬਾਗ਼ੀ ਵਿਧਾਇਕ ਕਾਂਗਰਸ 'ਚ ਸ਼ਾਮਲ ਹੋ ਗਏ | ਇਨ੍ਹਾਂ 'ਚ ਵਿਰੋਧੀ ਧਿਰ ਦੇ ਸਾਬਕਾ ਆਗੂ ਤੇ ਤੇਜ਼ ਤਰਾਰ ਨੇਤਾ ਸੁਖਪਾਲ ਸਿੰਘ ਖਹਿਰਾ ਤੋਂ ਇਲਾਵਾ ਦੋ ਹੋਰ ਵਿਧਾਇਕ ਜਗਦੇਵ ਸਿੰਘ ਕਮਾਲੂ ਅਤੇ ਪਿਰਮਲ ਸਿੰਘ ਖ਼ਾਲਸਾ ਸ਼ਾਮਲ ਹਨ | ਇਨ੍ਹਾਂ ਤਿੰਨਾਂ ਨੇ ਹੀ ਕਾਂਗਰਸ 'ਚ ਸ਼ਾਮਲ ਹੋਣ ਦੇ ਤੁਰਤ ਬਾਅਦ ਵਿਧਾਇਕ ਪਦਾਂ ਤੋਂ ਅਪਣੇ ਅਸਤੀਫ਼ੇ ਵੀ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ  ਭੇਜ ਦਿਤੇ ਹਨ | 
ਸਪੀਕਰ ਨੇ ਕਿਹਾ ਕਿ ਉਹ ਅਸਤੀਫ਼ਿਆਂ 'ਤੇ ਛੇਤੀ ਵਿਚਾਰ ਕਰ ਕੇ ਫ਼ੈਸਲਾ ਲੈਣਗੇ | ਦਲ ਬਦਲੀ ਕਾਨੂੰਨ ਤਹਿਤ ਹੋਰ ਪਾਰਟੀ 'ਚ ਸ਼ਾਮਲ ਹੋਣ 'ਤੇ ਨਿਯਮਾਂ ਅਨੁਸਾਰ ਅਸਤੀਫ਼ੇ ਦੇਣੇ ਜ਼ਰੂਰੀ ਹਨ |
ਤਿੰਨੇ ਵਿਧਾਇਕਾਂ ਨੂੰ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਪਾਰਟੀ 'ਚ ਸ਼ਾਮਲ ਕੀਤਾ | ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਇਨ੍ਹਾਂ ਵਿਧਾਇਕਾਂ ਨੂੰ  ਅਪਣੀ ਰਿਹਾਇਸ਼ ਅੱਗੇ ਹੈਲੀਪੈਡ 'ਤੇ ਹੀ ਬੁਲਾ ਕੇ ਕੈਪਟਨ ਨੇ ਅਸ਼ੀਰਵਾਦ ਦਿਤਾ | ਇਸ ਮੌਕੇ ਸੰਸਦ ਮੈਂਬਰ ਪਰਨੀਤ ਕੌਰ ਵੀ ਮੌਜੂਦ  ਸਨ |
ਜ਼ਿਕਰਯੋਗ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ ਇਨ੍ਹਾਂ ਵਿਧਾਇਕਾਂ ਦੀ ਇੱਛਾ ਮੁਤਾਬਕ ਕਾਂਗਰਸ 'ਚ ਸ਼ਾਮਲ ਹੋਣ ਸਬੰਧੀ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੂੰ  ਸੂਚਿਤ ਕੀਤਾ ਸੀ, ਜਿਸ ਤੋਂ ਬਾਅਦ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੋਂ ਪ੍ਰਵਾਨਗੀ ਮਿਲਣ ਬਾਅਦ ਅੱਜ ਸਵੇਰੇ ਹੀ ਇਨ੍ਹਾਂ ਨੂੰ  ਕਾਂਗਰਸ 'ਚ ਸ਼ਾਮਲ ਕਰਨ ਦੀ ਕਾਰਵਾਈ ਮੁੱਖ ਮੰਤਰੀ ਨੇ ਪਾ ਦਿਤੀ ਭਾਵੇਂ ਕਿ ਰਸਮੀ ਤੌਰ 'ਤੇ ਇਨ੍ਹਾਂ ਨੂੰ  ਕਾਂਗਰਸ 'ਚ ਸ਼ਾਮਲ ਕਰ ਕੇ ਮੈਂਬਰਸ਼ਿਪ ਦੇਣ ਲਈ ਕੁੱਝ ਦਿਨ ਬਾਅਦ ਪ੍ਰੋਗਰਾਮ ਰਖਿਆ ਜਾਵੇਗਾ | ਖਹਿਰਾ ਤਾਂ ਪਹਿਲਾਂ ਕਾਂਗਰਸ 'ਚੋਂ ਹੀ 'ਆਪ' 'ਚ ਗਏ ਸਨ ਅਤੇ ਉਨ੍ਹਾਂ ਦੀ ਤਾਂ ਘਰ ਵਾਪਸੀ ਹੋਈ ਹੈ | 
ਮੌੜ ਹਲਕੇ ਤੋਂ 'ਆਪ' ਵਿਧਾਇਕ ਜਗਦੇਵ ਸਿੰਘ ਕਮਾਲੂ ਤੇ ਭਦੌੜ ਹਲਕੇ ਤੋਂ ਵਿਧਾਇਕ ਪਿਰਮਲ ਸਿੰਘ ਖ਼ਾਲਸਾ ਦਾ ਕਾਂਗਰਸ 'ਚ ਨਵਾਂ ਦਾਖ਼ਲਾ ਹੈ | ਇਸ ਤੋਂ ਪਹਿਲਾਂ ਮਾਨਸਾ ਦੇ 'ਆਪ' ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੀ ਕਾਂਗਰਸ 'ਚ ਸ਼ਾਮਲ ਹੋ ਚੁੱਕੇ ਹਨ | ਇਨ੍ਹਾਂ ਤਿੰਨਾਂ ਵਿਧਾਇਕਾਂ ਦੇ ਅੱਜ ਕਾਂਗਰਸ 'ਚ ਸ਼ਾਮਲ ਹੋਣ 
ਨਾਲ ਪਾਰਟੀ 'ਚ ਸੂਬੇ ਅੰਦਰ ਚੱਲ ਰਹੀਆਂ ਨਾਰਾਜ਼ਗੀਆਂ ਦੇ ਦੌਰ 'ਚ ਕੈਪਟਨ ਅਮਰਿੰਦਰ ਸਿੰਘ ਨੂੰ  ਹੋਰ ਸ਼ਕਤੀ ਮਿਲੀ ਹੈ ਤੇ ਇਹ ਵੀ ਪਤਾ ਲਗਦਾ ਹੈ ਕਿ ਪਾਰਟੀ ਅੰਦਰ ਹੀ ਕੁੱਝ ਵਿਰੋਧੀ ਸੁਰਾਂ ਉਠਣ ਦੇ ਬਾਵਜੂਦ ਉਨ੍ਹਾਂ ਦਾ ਜਲਵਾ ਅਜੇ ਬਰਕਰਾਰ ਹੈ |

'ਆਪ' 'ਚ ਜਾਣਾ ਮੇਰੀ ਵੱਡੀ ਸਿਆਸੀ ਭੁੱਲ ਸੀ : ਖਹਿਰਾ
ਕਾਂਗਰਸ 'ਚ ਵਾਪਸੀ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਮੰਨਿਆ ਕਿ 'ਆਪ' 'ਚ ਜਾਣਾ ਮੇਰੀ ਵੱਡੀ ਸਿਆਸੀ ਭੁੱਲ ਸੀ | ਉਸ ਸਮੇਂ ਲਗਦਾ ਸੀ ਕਿ 'ਆਪ' ਇਕ ਬਹੁਤ ਵੱਡੀ ਕ੍ਰਾਂਤੀ ਲਿਆਉਣ ਵਾਲੀ ਪਾਰਟੀ ਹੈ ਪਰ ਪਾਰਟੀ 'ਚ ਰਹਿ ਕੇ ਪਤਾ ਲਗਿਆ ਕਿ ਜਿੰਨੀ ਤਾਨਾਸ਼ਾਹੀ ਤੇ ਪਾਰਟੀ ਮੁਖੀ ਦੀ ਜਕੜ ਇਸ ਪਾਰਟੀ 'ਚ ਹੈ, ਹੋਰ ਕਿਸੇ ਪਾਰਟੀ 'ਚ ਨਹੀਂ | ਉਨ੍ਹਾਂ ਕਿਹਾ ਕਿ ਇਸ ਸਮੇਂ ਭਾਜਪਾ ਵਰਗੀਆਂ ਦੇਸ਼ ਨੂੰ  ਵੰਡਣ ਵਾਲੀਆਂ ਫਾਸ਼ੀਵਾਦੀ ਸ਼ਕਤੀਆਂ ਅਤੇ ਪੰਜਾਬ ਨੂੰ  ਬਾਦਲਾਂ ਵਰਗੇ ਭਿ੍ਸ਼ਟ ਲੋਕਾਂ ਤੋਂ ਬਚਾਉਣ ਲਈ ਕਾਂਗਰਸ ਹੀ ਸਹੀ ਮੰਚ ਹੈ | ਖਹਿਰਾ ਨੇ ਬੇਅਦਬੀ ਦੇ ਇਨਸਾਫ਼ 'ਚ ਦੇਰੀ ਨੂੰ  ਲੈ ਕੇ ਪੈ ਰਹੇ ਰੌਲੇਰੱਪੇ ਬਾਰੇ ਕਿਹਾ ਕਿ ਕੋਈ ਗੱਲ ਨਹੀਂ ਕਿ ਹਾਈ ਕੋਰਟ ਨੇ ਭਾਵੇਂ ਜਾਂਚ ਰਿਪੋਰਟ ਰੱਦ ਕਰ ਦਿਤੀ ਹੈ ਪਰ ਨਵੀਂ ਜਾਂਚ ਪੂਰੀ ਕਰਨ ਲਈ 6 ਮਹੀਨੇ ਦਾ ਸਮਾਂ ਵੀ ਦਿਤਾ ਹੈ | ਉਨ੍ਹਾਂ ਕਿਹਾ ਕਿ ਇਹ ਸਮਾਂ ਬਹੁਤ ਹੈ ਤੇ ਉਮੀਦ ਹੈ ਕਿ ਦੋ ਮਹੀਨੇ ਅੰਦਰ ਹੀ ਜਾਂਚ ਪੂਰੀ ਕਰ ਕੇ ਬੇਅਦਬੀ ਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ  ਕਾਨੂੰਨ ਦੇ ਕਟਹਿਰੇ 'ਚ ਖੜਾ ਕੀਤਾ ਜਾਵੇਗਾ |
 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement