
ਸੂਤਰਾਂ ਮੁਤਾਬਿਕ ਈਡੀ ਵੱਲੋਂ ਪਿਛਲੇ ਦਿਨੀਂ ਅਦਾਲਤ ਵਿਚ ਪੇਸ਼ ਕੀਤੇ ਗਏ ਚਲਾਨ ਵਿਚ ਭੁਪਿੰਦਰ ਹਨੀ ਦੇ ਨਾਲ ਕੁਦਰਤਦੀਪ ਸਿੰਘ ਦਾ ਨਾਂਅ ਵੀ ਸ਼ਾਮਿਲ ਕੀਤਾ ਗਿਆ ਹੈ।
ਚੰਡੀਗੜ੍ਹ - ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਦੇ ਸਾਥੀ ਕੁਦਰਤਦੀਪ ਸਿੰਘ ਨੂੰ ਈਡੀ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਕੁਦਰਤਦੀਪ ਸਿੰਘ ਨੂੰ ਈਡੀ ਨੇ ਪੁਲਿਸ ਦੀ ਮਦਦ ਨਾਲ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਹੈ। ਵਾਰ-ਵਾਰ ਸੰਮਨ ਜਾਰੀ ਕਰਨ ਦੇ ਬਾਵਜੂਦ ਪੇਸ਼ ਨਾ ਹੋਣ ਕਾਰਨ ਅਦਾਲਤ ਵੱਲੋਂ ਭਗੌੜਾ ਐਲਾਨੇ ਗਏ ਕੁਦਰਤਦੀਪ ਸਿੰਘ ਨੂੰ ਈਡੀ ਨੇ ਇੱਕ ਪ੍ਰੋਗਰਾਮ ਦੌਰਾਨ ਫੜਿਆ ਹੈ।
Bhupinder Honey
ਸਾਬਕਾ ਸੀ.ਐਮ ਚੰਨੀ ਦੇ ਭਤੀਜੇ ਹਨੀ ਦਾ ਸਾਥੀ ਕੁਦਰਤਦੀਪ ਸਿੰਘ ਛੁਪਦੇ ਹੋਏ ਇਕ ਇਮੀਗ੍ਰੇਸ਼ਨ ਕੰਪਨੀ ਦਾ ਦਫ਼ਤਰ ਖੋਲ੍ਹਣ ਦੇ ਸਬੰਧ 'ਚ ਆਯੋਜਿਤ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਪਹੁੰਚਿਆ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੂੰ ਵੀ ਇਸ ਬਾਰੇ ਪਤਾ ਲੱਗਾ। ਤੁਰੰਤ ਕਾਰਵਾਈ ਕਰਦੇ ਹੋਏ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਅੰਮ੍ਰਿਤਸਰ ਦੀ ਸਥਾਨਕ ਪੁਲਿਸ ਦੀ ਮਦਦ ਲੈ ਕੇ ਕੁਦਰਤਦੀਪ ਨੂੰ ਇਮੀਗ੍ਰੇਸ਼ਨ ਕੰਪਨੀ ਦੇ ਇੱਕ ਪ੍ਰੋਗਰਾਮ ਦੌਰਾਨ ਫੜ ਲਿਆ।
Enforcement Directorate
ਗ੍ਰਿਫ਼ਤਾਰੀ ਤੋਂ ਬਾਅਦ ਕੁਦਰਤਦੀਪ ਨੂੰ ਅੰਮ੍ਰਿਤਸਰ ਤੋਂ ਜਲੰਧਰ ਲਿਆਂਦਾ ਜਾ ਰਿਹਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀ ਗ੍ਰਿਫ਼ਤਾਰ ਹਨੀ ਦੇ ਸਾਥੀ ਕੁਦਰਤਦੀਪ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਵਿਚ ਵੀ ਹਨ। ਦੱਸ ਦਈਏ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਵਿਚ ਕੁਦਰਤਦੀਪ ਸਿੰਘ ਵੀ ਮੁੱਖ ਮੁਲਜ਼ਮ ਸੀ ਪਰ ਉਹ ਕਈ ਦਿਨਾਂ ਤੋਂ ਈਡੀ ਦੇ ਹੱਥੋਂ ਬਚ ਰਿਹਾ ਸੀ। ਈਡੀ ਨੇ ਪਹਿਲਾਂ ਆਪਣੇ ਪੱਧਰ 'ਤੇ ਨੋਟਿਸ ਜਾਰੀ ਕਰਕੇ ਈਡੀ ਦੇ ਦਫ਼ਤਰ ਬੁਲਾਇਆ ਪਰ ਉਹ ਪੇਸ਼ ਨਹੀਂ ਹੋਇਆ।
ਇਸ ਤੋਂ ਬਾਅਦ ਜਦੋਂ ਈਡੀ ਨੇ ਅਦਾਲਤ ਵਿਚ ਚਾਰਜਸ਼ੀਟ ਪੇਸ਼ ਕੀਤੀ ਤਾਂ ਅਦਾਲਤ ਨੇ ਕੁਦਰਤਦੀਪ ਸਿੰਘ ਨੂੰ ਸੰਮਨ ਵੀ ਜਾਰੀ ਕੀਤੇ ਪਰ ਫਿਰ ਵੀ ਕੁਦਰਤਦੀਪ ਸਿੰਘ ’ਤੇ ਕੋਈ ਅਸਰ ਨਹੀਂ ਹੋਇਆ ਅਤੇ ਉਹ ਅਦਾਲਤ ਵਿਚ ਪੇਸ਼ ਨਹੀਂ ਹੋਇਆ। ਪਿਛਲੀ ਤਰੀਕ ਨੂੰ ਜਦੋਂ ਅਦਾਲਤ ਨੇ ਭੁਪਿੰਦਰ ਸਿੰਘ ਹਨੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ ਤਾਂ ਕੁਦਰਤਦੀਪ ਸਿੰਘ ਨੂੰ ਵੀ ਭਗੌੜਾ ਕਰਾਰਿਆ ਸੀ। ਇਸ ਤੋਂ ਬਾਅਦ ਈਡੀ ਨਾਲ ਮਿਲ ਕੇ ਪੁਲਿਸ ਨੇ ਕੁਦਰਤਦੀਪ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਤੇ ਅੱਜ ਈਡੀ ਨੇ ਅੰਮ੍ਰਿਤਸਰ ਪੁਲਿਸ ਨਾਲ ਮਿਲ ਕੇ ਕੁਦਰਤਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ।