ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਮਾਮਲਾ ਕੀਤਾ ਦਰਜ
ਫਿਰੋਜ਼ਪੁਰ: ਫਿਰੋਜ਼ਪੁਰ ਵਿਚ 5 ਫੁੱਟ ਜਮੀਨ ਨੂੰ ਲੈ ਕੇ ਤੋਂ ਗੁਆਂਢੀਆਂ ਨੇ ਇਕ 75 ਸਾਲਾ ਸਾਬਕਾ ਸਰਪੰਚ ’ਤੇ ਹਮਲਾ ਕਰ ਦਿਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਵਾਰਕ ਮੈਂਬਰ ਉਸ ਨੂੰ ਜਖ਼ਮੀ ਹਾਲਤ 'ਚ ਘਰ ਲੈ ਕੇ ਆਏ। ਇਸ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਤਿੰਨ ਗੁਆਂਢੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਅਹਿਮਦ ਫੰਡੀ ਵਾਸੀ ਮਨੋਹਰ ਸਿੰਘ ਨੇ ਥਾਣਾ ਲੱਖੋਕੇ ਬਹਿਰਾਮ ਨੂੰ ਸ਼ਿਕਾਇਤ ਦਿੰਦਿਆਂ ਦਸਿਆ ਕਿ ਉਸ ਦਾ ਪਿਤਾ ਦਲੀਪ ਸਿੰਘ ਸਾਬਕਾ ਸਰਪੰਚ ਸੀ। ਖੇਤ ਦੀ 5 ਫੁੱਟ ਜ਼ਮੀਨ ਨੂੰ ਲੈ ਕੇ ਉਹਨਾਂ ਦਾ ਆਪਣੇ ਗੁਆਂਢੀਆਂ ਨਾਲ ਕਈ ਸਾਲਾਂ ਤੋਂ ਝਗੜਾ ਚੱਲ ਰਿਹਾ ਸੀ। ਪਿਤਾ ਦਲੀਪ ਸਿੰਘ ਅੱਜ ਸਵੇਰੇ ਕਰੀਬ ਸਾਢੇ ਅੱਠ ਵਜੇ ਖੇਤ ਦਾ ਗੇੜਾ ਮਾਰਨ ਗਿਆ ਸੀ। ਉਦੋਂ ਉਥੇ ਮੌਜੂਦ ਗੁਆਂਢੀਆਂ ਦੇਸਾ ਸਿੰਘ, ਜੱਜ ਸਿੰਘ ਅਤੇ ਬੂਟਾ ਸਿੰਘ ਨੇ ਉਸ ਦੇ ਪਿਤਾ 'ਤੇ ਹਮਲਾ ਕਰ ਦਿਤਾ।
ਲੜਾਈ ਦੌਰਾਨ ਪਿਤਾ ਗੰਭੀਰ ਜ਼ਖ਼ਮੀ ਹੋ ਗਿਆ। ਪਿਤਾ ਦੀਆਂ ਚੀਕਾਂ ਸੁਣ ਕੇ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਦੋਸ਼ੀ ਉਥੋਂ ਫ਼ਰਾਰ ਹੋ ਗਏ ਸਨ। ਉਸ ਨੇ ਤੁਰੰਤ ਪਿਤਾ ਦਲੀਪ ਨੂੰ ਚੁੱਕ ਕੇ ਘਰ ਲਿਆਂਦਾ, ਜਿਥੇ ਇਲਾਜ ਲਈ ਪਿੰਡ ਦੇ ਡਾਕਟਰ ਨੂੰ ਬੁਲਾਇਆ ਗਿਆ। ਡਾਕਟਰ ਨੇ ਉਹਨਾਂ ਦੇ ਪਿਤਾ ਨੂੰ ਮ੍ਰਿਤਕ ਐਲਾਨ ਦਿਤਾ।
ਏਐਸਆਈ ਰੌਸ਼ਨ ਸਿੰਘ ਨੇ ਦਸਿਆ ਕਿ ਸ਼ਿਕਾਇਤਕਰਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਅਜੇ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।