
ਹੁਣ ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਜ਼ਿਮਨੀ ਚੋਣ ਦੀਆਂ ਸਰਗਰਮੀਆਂ ਸ਼ੁਰੂ ਹੋ ਜਾਣਗੀਆਂ
Sangrur News : ਸੰਗਰੂਰ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਹਰਾ ਕੇ ਵੱਡੀ ਲੀਡ ਨਾਲ ਜਿੱਤ ਦਰਜ ਕੀਤੀ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਉਨ੍ਹਾਂ ਨੂੰ ਜਿੱਤ ਦਾ ਸਰਟੀਫਿਕੇਟ ਵੀ ਦਿੱਤਾ ਹੈ। ਮੀਤ ਹੇਅਰ ਨੇ 360933 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ ਹੈ।
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ 'ਆਪ' ਦੇ ਗੁਰਮੀਤ ਸਿੰਘ ਮੀਤ ਹੇਅਰ ਨੂੰ 360933 ਵੋਟਾਂ , ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੂੰ 189384 ਵੋਟਾਂ , ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੂੰ ਸਿਮਰਨਜੀਤ ਸਿੰਘ ਮਾਨ ਨੂੰ 185960 ਵੋਟਾਂ ,ਭਾਜਪਾ ਦੇ ਅਰਵਿੰਦ ਖੰਨਾ ਨੂੰ 127659 ਵੋਟਾਂ ਅਤੇ ਅਕਾਲੀ ਦਲ ਬਾਦਲ ਦੇ ਇਕਬਾਲ ਸਿੰਘ ਝੂੰਦਾਂ ਨੂੰ 62019 ਵੋਟਾਂ ਮਿਲੀਆਂ ਹਨ।
1999 ਤੋਂ ਲੈ ਕੇ ਮੀਤ ਹੇਅਰ ਪਹਿਲੇ ਉਮੀਦਵਾਰ ਹਨ ,ਜਿਹੜੇ ਸੂਬੇ ‘ਚ ਆਪਣੀ ਪਾਰਟੀ ਦੀ ਸਰਕਾਰ ਹੁੰਦੇ ਹੋਏ ਲੋਕ ਸਭਾ ਹਲਕਾ ਸੰਗਰੂਰ ਤੋਂ ਜਿੱਤੇ ਹਨ, ਇਸ ਤੋਂ ਪਹਿਲਾਂ ਸੰਗਰੂਰ ਹਲਕੇ ਤੋਂ ਸੱਤਾਧਾਰੀ ਪਾਰਟੀ ਦੇ ਉਲਟ ਹੀ ਨਤੀਜੇ ਆਉਂਦੇ ਰਹੇ ਹਨ। ਸੰਗਰੂਰ ਹਲਕੇ ਤੋਂ ਮੀਤ ਹੇਅਰ ਦੀ ਜਿੱਤ ਤੋਂ ਬਾਅਦ ਹੁਣ ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਜ਼ਿਮਨੀ ਚੋਣ ਦੀਆਂ ਸਰਗਰਮੀਆਂ ਸ਼ੁਰੂ ਹੋ ਜਾਣਗੀਆਂ।
ਦੱਸ ਦੇਈਏ ਕਿ ਸ਼ੁਰੂਆਤ 'ਚ ਵੋਟਾਂ ਦੀ ਗਿਣਤੀ ਦੌਰਾਨ ਮੀਤ ਹੇਅਰ ਨੇ ਪਹਿਲੇ ਰਾਊਂਡ ਤੋਂ ਹੀ ਆਪਣੀ ਲੀਡ ਬਣਾ ਕੇ ਰੱਖੀ ਜਦਕਿ ਦੂਜੇ ਨੰਬਰ ਲਈ ਸਿਮਰਨਜੀਤ ਸਿੰਘ ਮਾਨ ਅਤੇ ਸੁਖਪਾਲ ਸਿੰਘ ਖਹਿਰਾ ਦੇ ਵਿਚਕਾਰ ਦੋ-ਤਿੰਨ ਵਾਰ ਉੱਪਰ ਥੱਲੇ ਵਾਲੀ ਸਥਿਤੀ ਪੈਦਾ ਹੋਈ ਅਤੇ ਅਖ਼ੀਰ ਸੁਖਪਾਲ ਸਿੰਘ ਖਹਿਰਾ ਨੇ ਸਿਮਰਨਜੀਤ ਸਿੰਘ ਮਾਨ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ।