ਨਸ਼ਿਆਂ ਦਾ ਪਹਾੜ ਟੁੱਟਣ ਕਾਰਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਿਪਤਾ 'ਚ
Published : Jul 4, 2018, 11:39 am IST
Updated : Jul 4, 2018, 12:39 pm IST
SHARE ARTICLE
Captain Amarinder Singh
Captain Amarinder Singh

ਭਾਗ ਦੂਜਾ - ਸਿਆਸੀ ਵਿਰੋਧੀ ਪਾਰਟੀਆਂ ਤਮਾਸ਼ਬੀਨ ਬਣੀਆਂ

ਚੰਡੀਗੜ੍ਹ, 3 ਜੁਲਾਈ (ਕਮਲਜੀਤ ਸਿੰਘ ਬਨਵੈਤ): ਨਸ਼ਿਆਂ ਕਾਰਨ ਲਗਾਤਾਰ ਹੋ ਰਹੀਆਂ ਮੌਤਾਂ ਵੇਖ ਕੇ ਪੰਜਾਬ ਕੁਰਲਾ ਉਠਿਆ ਹੈ। ਸਮਾਜ ਤ੍ਰਾਹ-ਤ੍ਰਾਹ ਕਰਨ ਲੱਗਾ ਹੈ। ਮਾਵਾਂ ਦੇ ਵਿਰਲਾਪ ਸੁਣੇ ਨਹੀਂ ਜਾ ਰਹੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁਰੀ ਤਰ੍ਹਾਂ ਬਿਪਤਾ ਵਿਚ ਫਸੇ ਪਏ ਹਨ। ਸਰਕਾਰ ਤੋਂ ਬਾਹਰਲੀਆਂ ਰਾਜਨੀਤਕ ਪਾਰਟੀਆਂ ਮੌਕੇ ਦਾ ਫ਼ਾਇਦਾ ਉਠਾ ਕੇ ਸਿਆਸੀ ਰੋਟੀਆਂ ਸੇਕਣ 'ਤੇ ਲਗੀਆਂ ਹੋਈਆਂ ਹਨ। ਦੁਖ ਦੀ ਗੱਲ ਇਹ ਹੈ ਕਿ 'ਚੋਣਵੇਂ ਪੰਜਾਬੀਆਂ ਵਲੋਂ' ਨਸ਼ਿਆਂ ਵਿਰੁਧ ਖੜੀ ਕੀਤੀ ਲੋਕ ਲਹਿਰ ਤੋਂ ਵੀ ਵਿਰੋਧੀ ਸਿਆਸੀ ਪਾਰਟੀਆਂ ਦੂਰੀ ਬਣਾਈ ਬੈਠੀਆਂ ਹਨ।

ਆਮ ਆਦਮੀ ਪਾਰਟੀ (ਆਪ) ਨੂੰ ਛੱਡ ਕੇ ਕਿਸੇ ਪਾਰਟੀ ਨੇ ਲੋਕਾਂ ਦੇ ਹੱਕ ਵਿਚ ਹਾਅ ਦਾ ਨਾਹਰਾ ਨਹੀਂ ਮਾਰਿਆ। ਆਪ ਨੇ ਵੀ ਪੰਜਾਬ ਸਰਕਾਰ 'ਤੇ ਨਸ਼ੇ ਦੇ ਤਸਕਰਾਂ ਵਿਰੁਧ ਸਖ਼ਤ ਕਦਮ ਚੁੱਕਣ ਲਈ ਧਰਨੇ ਦੇ ਕੇ ਦਬਾਅ ਤਾਂ ਬਣਾਇਆ ਹੈ ਪਰ ਅਪਣੇ ਪੱਧਰ 'ਤੇ ਨਾ ਕੋਈ ਐਕਸ਼ਨ ਕੀਤਾ ਹੈ ਅਤੇ ਨਾ ਹੀ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣ ਦਾ ਤਹਈਆ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਪਰਲੀ ਕਤਾਰ ਦੇ ਕਈ ਆਗੂਆਂ 'ਤੇ ਨਸ਼ਿਆਂ ਦਾ ਵਪਾਰ ਕਰਨ ਦੇ ਦੋਸ਼ ਲਗਦੇ ਆ ਰਹੇ ਹਨ।

Sukhbir Singh BadalSukhbir Singh Badal

ਪੰਜਾਬ ਮੰਤਰੀ ਮੰਡਲ ਦੀ ਦੋ ਜੁਲਾਈ ਦੀ ਮੀਟਿੰਗ ਵਿਚ ਇਨ੍ਹਾਂ ਵਿਚੋਂ ਇਕ ਦਾ ਨਾਂ ਤਾਂ ਉਛਾਲਿਆ ਵੀ ਗਿਆ ਸੀ। ਦੰਦ ਕਥਾ ਜ਼ੋਰ ਫੜਨ ਲੱਗੀ ਹੈ ਕਿ ਮੁੱਖ ਸਿਆਸੀ ਪਾਰਟੀਆਂ ਦੇ ਲੀਡਰਜਾਂ ਉਨ੍ਹਾਂ ਦੇ ਚਹੇਤੇ ਪੁਲਿਸ ਅਫ਼ਸਰਾਂ 'ਤੇ ਨਸ਼ਿਆਂ ਦੀ ਸਪਲਾਈ ਦੀ ਸਰਪ੍ਰਸਤੀ ਕਰਨ ਦਾ ਦੋਸ਼ ਹੈ। ਇਸ ਸੂਰਤ ਵਿਚ ਵਿਰੋਧੀ ਸਿਆਸੀ ਪਾਰਟੀਆਂ ਕਿਸੇ ਵਿਰੁਧ ਵੀ ਐਕਸ਼ਨ ਲੈਣ ਲਈ ਸੰਘਰਸ਼ ਦਾ ਝੰਡਾ ਫੜ ਕੇ ਬਾਹਰ ਨਿਕਲਣ ਤਾਂ ਕਿਸ ਤਰ੍ਹਾਂ? ਪੰਜਾਬ ਦੀ ਜਨਤਾ ਵਿਚਾਰੀ ਨਸ਼ਿਆਂ ਦੀ ਮਾਰ ਹੇਠ ਹੈ ਅਤੇ ਵਿਰੋਧੀ ਸਿਆਸੀ ਪਾਰਟੀਆਂ ਸਥਿਤੀ ਨੂੰ ਅਪਣੇ ਹੱਕ ਵਿਚ ਕਿਵੇਂ ਵਰਤਣ, ਇਸੇ ਸੋਚ ਵਿਚ ਡੁੱਬੀਆਂ ਹੋਈਆਂ ਹਨ। 

ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਵਿਰੋਧੀ ਸਿਆਸੀ ਧਿਰਾਂ ਸਾਫ਼ ਨੀਅਤ ਨਾਲ ਚਾਹੁਣ ਤਾਂ ਨਸ਼ੇ ਦੇ ਕਹਿਰ ਨੂੰ ਖ਼ਤਮ ਕਰਨ ਲਈ ਪਾਰਟੀ ਪੱਧਰ 'ਤੇ ਐਕਸ਼ਨ ਸ਼ੁਰੂ ਕਰ ਸਕਦੀਆਂ ਹਨ ਅਤੇ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਨਸ਼ਾ ਤਸਕਰਾਂ ਦਾ ਸਫ਼ਾਇਆ ਦਿਨਾਂ ਵਿਚ ਹੋਣਾ ਸੰਭਵ ਹੈ। ਸਿਆਸੀ ਪਾਰਟੀਆਂ ਦੀ ਸੋਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੱਥ 'ਚ ਗੁਟਕਾ ਫੜ ਕੇ ਨਸ਼ੇ ਖ਼ਤਮ ਕਰਨ ਦੀ ਸਹੁੰ ਤੋਂ ਲੈ ਕੇ ਭੰਡਣ ਤੋਂ ਅੱਗੇ ਨਹੀਂ ਵੱਧ ਸਕੀ। ਸਿਆਸੀ ਮਾਹਰ ਮੰਨਦੇ ਹਨ ਕਿ ਸਿਆਸੀ ਪਾਰਟੀਆਂ ਦੇ ਅਪਣੇ ਵਰਕਰਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਦੁਆ ਦੇਣ

Shwait MalikShwait Malik

ਜਾਂ ਪਾਰਟੀ ਅੰਦਰ ਸੈੱਲ ਬਣਾ ਕੇ ਬੂਥ ਪੱਧਰ ਤਕ ਬੀਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਦਾ ਪ੍ਰਣ ਲੈ ਲੈਣ ਤਾਂ ਅੱਧਾ ਕੰਮ ਤਾਂ ਦਿਨਾਂ ਵਿਚ ਹੀ ਪੂਰਾ ਹੋ ਜਾਵੇਗਾ। ਸਿਆਸੀ ਪਾਰਟੀਆਂ ਨੂੰ ਸੱਭ ਤੋਂ ਪਹਿਲਾਂ ਇਹ ਪਾਠ ਸਿਖ ਲੈਣਾ ਚਾਹੀਦਾ ਹੈ ਕਿ ਨਸ਼ਿਆਂ ਦਾ ਮੁੱਦਾ ਰਾਜਨੀਤਕ ਨਹੀਂ, ਸਮਾਜਕ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਬਿਆਨ ਜਾਰੀ ਕਰ ਕੇ ਸਰਕਾਰ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦੀ ਪੇਸ਼ਕਸ਼ ਕੀਤੀ ਹੈ।

ਡਾ. ਚੀਮਾ ਨੇ ਪਾਰਟੀ ਪ੍ਰਧਾਨ ਦੇ ਬਿਆਨ ਨੂੰ ਦਲ ਦੀ ਵੱਡੀ ਪ੍ਰਾਪਤੀ ਤੇ ਪਹਿਲਕਦਮੀ ਦਸਿਆ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਚਾਰ ਹਫ਼ਤਿਆਂ ਵਿਚ ਨਸ਼ਿਆਂ ਨੂੰ ਠਲ੍ਹ ਪਾਉਣ ਦਾ ਕੀਤਾ ਵਾਅਦਾ ਨਿਰਾ ਡਰਾਮਾ ਨਿਕਲਿਆ ਹੈ। ਉਨ੍ਹਾਂ ਕੈਪਟਨ ਨੂੰ ਚੋਣਾਂ ਤੋਂ ਪਹਿਲਾਂ ਨਸ਼ਾ ਤਸਕਰਾਂ ਦੀ ਪਛਾਣ ਹੋਣ ਦਾ ਦਾਅਵਾ ਕਰਨ ਦਾ ਬਿਆਨ ਵੀ ਚੇਤੇ ਕਰਵਾਇਆ ਹੈ।

ਸੀਪੀਆਈ ਦੇ ਨੇਤਾ ਹਰਦੇਵ ਅਰਸ਼ੀ ਦਾ ਕਹਿਣਾ ਹੈ ਕਿ ਪਾਰਟੀ ਹਮਾਇਤ ਦਾ ਬਿਆਨ ਜਾਰੀ ਕਰ ਚੁੱਕੀ ਹੈ। ਅਕਾਲੀ ਦਲ ਯੂਨਾਈਟਡ ਦੇ ਗੁਰਦੀਪ ਸਿੰਘ ਬਠਿੰਡਾ ਦਾ ਮੰਨਣਾ ਹੈ ਕਿ ਇਕੋ ਸਮੇਂ ਦੋ ਲੜਾਈਆਂ ਨਹੀਂ ਛੇੜੀਆ ਜਾ ਸਕਦੀਆਂ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਫ਼ੈਸਲਾਕੁਨ ਲੜਾਈ ਸ਼ੁਰੂ ਕਰੀ ਬੈਠੇ ਹਨ। 

ਸਮੇਂ ਦੀ ਮੰਗ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਸਰਬਪਾਰਟੀ ਮੀਟਿੰਗ ਸੱਦ ਕੇ ਨਸ਼ਿਆਂ ਅਤੇ ਰੇਤ ਮਾਫ਼ੀਆ ਵਿਰੁਧ ਲੜਾਈ ਦਾ ਭਾਰ ਵਿਰੋਧੀ ਸਿਆਸੀ ਪਾਰਟੀਆਂ ਦੇ ਮੋਢਿਆਂ 'ਤੇ ਪਾ ਕੇ ਵੰਡਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement