
400 ਇੰਜੀਨੀਅਰ, 800 ਵਰਕਰ ਦਿਨ-ਰਾਤ ਸ਼ਿਫ਼ਟਾਂ 'ਚ ਕਰ ਰਹੇ ਨੇ ਕੰਮ
ਚੰਡੀਗੜ੍ਹ : : ਪੰਜਾਬ ਦੇ ਥਰਮਲ ਪਲਾਂਟਾਂ ਤੋਂ ਮਹਿੰਗੀ ਬਿਜਲੀ ਪ੍ਰਾਪਤੀ ਦੇ ਰੌਲੇ 'ਚ ਰਾਵੀ ਦਰਿਆ 'ਤੇ 20 ਸਾਲ ਪਹਿਲਾਂ ਉਸਾਰੇ ਥੀਨ ਡੈਮ ਜਾਂ ਰਣਜੀਤ ਸਾਗਰ ਡੈਮ ਤੋਂ 600 ਮੈਗਾਵਾਟ ਬਿਜਲੀ ਸਮਰਥਾ ਉਪਰੰਤ, ਅਜਾਂਈ ਜਾ ਰਹੇ ਬੇਤਹਾਸ਼ਾ ਪਾਣੀ ਨੂੰ ਸਿੰਚਾਈ ਲਈ ਵਰਤਣ 'ਤੇ ਉਸ ਤੋਂ ਬਿਜਲੀ ਉਤਪਾਦਨ ਲਈ 11 ਕਿਲੋਮੀਟਰ ਹੇਠਾਂ ਵਲ ਸ਼ਾਹਪੁਰ ਕੰਢੀ ਡੈਮ ਦੀ ਉਸਾਰੀ ਦਿਨ-ਰਾਤ ਚਲ ਰਹੀ ਹੈ। ਕੇਂਦਰ ਸਰਕਾਰ ਵਲੋਂ 19 ਸਾਲ ਪਹਿਲਾਂ ਦਿਤੀ ਮਨਜ਼ੂਰੀ ਉਪਰੰਤ ਇਹ ਪਣ-ਬਿਜਲੀ ਪ੍ਰਾਜੈਕਟ ਪੰਜਾਬ ਤੇ ਜੰਮੂ-ਕਸ਼ਮੀਰ ਸਰਕਾਰਾਂ 'ਚ ਕਈ ਨੁਕਤਿਆਂ 'ਤੇ ਝਗੜੇ ਅਤੇ ਦੇਰੀ ਦਾ ਕਾਰਨ ਬਣਿਆ ਰਿਹਾ ਅਤੇ ਨਵੰਬਰ 2018 'ਚ ਫਿਰ ਉਸਾਰੀ ਸ਼ੁਰੂ ਹੋ ਗਈ ਅਤੇ ਪਿਛਲੇ ਪੌਣੇ ਕੁ ਦੋ ਸਾਲਾਂ 'ਚ 40 ਤੋਂ 45 ਫ਼ੀ ਸਦੀ ਕੰਮ ਸਿਰੇ ਚੜ੍ਹਿਆ ਹੈ।
Shahpur Kandi Dam
ਥੀਨ ਡੈਮ ਤੋਂ ਬਿਜਲੀ ਬਣਾ ਕੇ ਹੇਠਾਂ ਵਲ ਆ ਰਹੇ ਪਾਣੀ ਨੂੰ ਫਿਰ ਰੋਕਣ ਲਈ ਇਸ ਡੈਮ ਉਸਾਰੀ 'ਚ ਲੱਗੇ ਚੀਫ਼ ਇੰਜੀਨੀਅਰ ਐਸ.ਕੇ. ਸਲੂਜਾ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਕੁੱਝ ਸਮੇਂ ਲਈ ਕੰਮ ਬੰਦ ਜ਼ਰੂਰ ਹੋਇਆ ਸੀ ਪਰ ਹੁਣ 400 ਇੰਜੀਨੀਅਰ ਤਕਨੀਕੀ ਕਾਮੇ ਤੇ 800 ਵਰਕਰ ਦਿਨ-ਰਾਤ ਦੋ-ਤਿੰਨ ਸ਼ਿਫ਼ਟਾਂ 'ਚ ਜ਼ੋਸ਼ ਨਾਲ ਕੰਮ ਕਰੀ ਜਾ ਰਹੇ ਹਨ। ਮੁੱਖ ਇੰਜੀਨੀਅਰ ਸਲੂਜਾ ਨੇ ਦਸਿਆ ਕਿ ਫ਼ਜੂਲ ਪਾਕਿਸਤਾਨ ਨੂੰ ਜਾ ਰਹੇ ਪਾਣੀ ਨੂੰ ਰੋਕਣ ਵਾਲਾ ਇਹ ਡੈਮ 31 ਮਈ 2022 ਤਕ ਪੂਰਾ ਉਸਾਰ ਦਿਤਾ ਜਾਵੇਗਾ। 32173 ਹੈਕਟੇਅਰ, ਜੰਮੂ-ਕਸ਼ਮੀਰ 'ਚ ਪੈਂਦੀ ਇਸ ਪਾਣੀ ਦੀ ਵੱਡੀ ਝੀਲ ਤੋਂ ਟਰਬਾਈਨਾਂ 'ਚ ਪਾਣੀ ਪਾ ਕੇ ਉਚਾਈ ਤੋਂ ਸੁੱਟ ਕੇ ਦੋ ਵੱਡੇ ਜਨਰੇਟਰਾਂ ਨਾਲ 198 ਮੈਗਾਵਾਟ ਬਿਜਲੀ ਪੈਦਾ ਕੀਤੀ ਜਾਵੇਗੀ ਅਤੇ ਇਸ ਪਾਵਰ ਪਲਾਂਟ ਦੀ ਉਸਾਰੀ 2023 ਤਕ ਪੂਰੀ ਕਰ ਲਈ ਜਾਵੇਗੀ।
Shahpur Kandi Dam
ਮੁੱਖ ਇੰਜੀਨੀਅਰ ਸਲੂਜਾ ਦਾ ਕਹਿਣਾ ਹੈ ਕਿ 8 ਮੈਗਾਵਾਟ ਬਿਜਲੀ, ਡੈਮ ਤੋਂ ਛੱਡੇ ਪਾਣੀ ਨੂੰ ਨਹਿਰ ਵਿਚ ਪਾ ਕੇ ਉਚਾਈ ਤੋਂ ਸੁੱਟ ਕੇ ਬਣਾਈ ਜਾਣੀ ਹੈ। ਪਹਿਲਾਂ ਹੀ ਤੈਅਸ਼ੁਦਾ ਸਮਝੌਤਿਆਂ ਤਹਿਤ 2715 ਕਰੋੜ ਦੇ ਇਸ ਪ੍ਰਾਜੈਕਟ 'ਚ ਬਿਜਲੀ-ਪਾਣੀ ਦੇ ਹਿੱਸੇ ਦੀ ਵੰਡ ਅਨੁਸਾਰ 71.39 ਪ੍ਰਤੀਸ਼ਤ ਪੰਜਾਬ ਦੀ ਪਾਵਰ ਕਾਰਪੋਰੇਸ਼ਨ ਨੇ ਖਰਚਾ ਕਰਨਾ ਹੈ, ਬਾਕੀ 28.61 ਪ੍ਰਤੀਸ਼ਤ 'ਚੋਂ 86 ਫ਼ੀ ਸਦੀ ਕੇਂਦਰ ਨੇ ਅਤੇ 14 ਫ਼ੀ ਸਦੀ ਪੰਜਾਬ ਨੇ ਕਰਨਾ ਹੈ। ਪਾਵਰ ਹਾਊਸ ਦੀ ਉਸਾਰੀ ਲਈ ਟੈਂਡਰ, ਇਨ੍ਹਾਂ ਦਿਨਾਂ 'ਚ ਦਿਤੇ ਜਾ ਰਹੇ ਹਨ ਜਦਕਿ ਡੈਮ ਦੀ ਉਸਾਰੀ 'ਸੋਮਾ' ਕੰਪਨੀ ਪਹਿਲਾਂ ਹੀ ਕਰੀ ਜਾ ਰਹੀ ਹੈ। ਕਿਉੁਂਕਿ ਇਸ ਮਹਤਵਪੂਰਨ ਪਣ-ਬਿਜਲੀ ਪ੍ਰਾਜੈਕਟ ਦੀ ਉਸਾਰੀ ਨੂੰ ਹਰ ਹਫ਼ਤੇ ਪ੍ਰਧਾਨ ਮੰਤਰੀ ਦਾ ਦਫ਼ਤਰ ਮੌਨੀਟਰ ਕਰ ਰਿਹਾ ਹੈ, ਚੀਫ਼ ਇੰਜੀਨੀਅਰ ਸਲੂਜਾ ਨੇ ਇਹ ਵੀ ਕਿਹਾ ਕਿ ਕੇਂਦਰੀ ਮੰਤਰੀ ਰਾਜਿੰਦਰ ਸਿੰਘ ਸ਼ੇਖਾਵਤ ਜਨਵਰੀ ਮਹੀਨੇ, ਇਸ ਡੈਮ ਉਸਾਰੀ ਦਾ ਸਰਵੇਖਣ ਕਰਨ ਲਈ ਉਚੇਚੇ ਤੌਰ 'ਤੇ ਪਠਾਨਕੋਟ ਆਏ ਵੀ ਸਨ।
Shahpur Kandi Dam
ਇਥੇ ਇਹ ਵੀ ਦਸਣਾ ਬਣਦਾ ਹੈ ਕਿ ਕੇਂਦਰੀ ਜਲ ਕਮਿਸ਼ਨ ਵਲੋਂ ਨਜ਼ਰ ਰੱਖਣ ਲਈ ਇਕ ਉਚ ਪਧਰੀ ਕਮੇਟੀ ਵੀ ਬਣਾਈ ਹੋਈ ਹੈ ਜੋ ਲਗਾਤਾਰ ਪੰਜਾਬ, ਜੰਮੂ-ਕਸ਼ਮੀਰ, ਰਾਜਸਥਾਨ ਸਰਕਾਰਾਂ 'ਚ ਕੜੀ ਦਾ ਕੰਮ ਕਰ ਰਹੀ ਹੈ ਅਤੇ ਛੋਟੇ-ਮੋਟੇ ਵਿਚਾਰਾਂ ਦੇ ਫ਼ਰਕ ਅਤੇ ਸਮਝੌਤਿਆਂ ਦੇ ਨੁਕਤਿਆਂ ਨੂੰ ਸੁਲਝਾਉਣ 'ਚ ਮਦਦ ਕਰਦੀ ਹੈ। ਇਸ ਵੇਲੇ 12500 ਕਿਊਸਿਕ ਪਾਣੀ ਰਣਜੀਤ ਸਾਗਰ ਡੈਮ ਤੋਂ ਬਿਜਲੀ ਬਣਾ ਕੇ ਹੇਠਾਂ ਆ ਰਿਹਾ ਹੈ ਜਿਸ 'ਚੋਂ 1050 ਕਿਊਸਿਕ ਜੰਮ-ਕਸ਼ਮੀਰ ਨੂੰ ਨਹਿਰ ਰਾਹੀਂ ਜਾ ਰਿਹਾ ਹੈ, ਬਾਕੀ ਅਪਰਬਾਰੀ ਦੋਆਬ ਨਹਿਰ 'ਚ ਜਾਂਦਾ ਹੈ। ਡੈਮ ਉਸਾਰੀ ਮਗਰੋਂ ਪਾਵਰ ਪਲਾਂਟ ਤੋਂ ਬਣੀ ਬਿਜਲੀ ਦਾ 80 ਫ਼ੀ ਸਦੀ ਪੰਜਾਬ ਦੇ ਹਿੱਸੇ ਆਵੇਗਾ ਅਤੇ 20 ਫ਼ੀ ਸਦੀ ਬਿਜਲੀ ਜੰਮ-ਕਸ਼ਮੀਰ ਰਾਜ, ਕੀਮਤ ਅਦਾ ਕਰ ਕੇ ਲੈ ਸਕਦਾ ਹੈ।
Shahpur Kandi Dam
ਰਾਵੀ ਦੇ ਇਸ ਪਾਣੀ ਦੇ ਹਿੱਸੇ 'ਚੋਂ ਰਾਜਸਥਾਨ ਨੂੰ ਵੀ ਮਿਲੇਗਾ ਜਿਵੇਂ ਬਿਆਸ ਦਰਿਆ 'ਚੋਂ ਪਾਣੀ ਦਾ ਸ਼ੇਅਰ ਜਾ ਰਿਹਾ ਹੈ। ਉਸਾਰੀ ਉਪਰੰਤ ਪੰਜਾਬ 'ਚ ਬਿਜਲੀ ਸਮੱਸਿਆ ਨਹੀਂ ਰਹੇਗੀ ਅਤੇ ਪੰਜਾਬ ਪਣ-ਬਿਜਲੀ ਨਾਲ ਜ਼ਰੂਰਤ ਪੂਰੀ ਕਰੇਗਾ ਜਦਕਿ ਥਰਮਲ ਪਲਾਂਟਾਂ ਦੀ ਬਿਜਲੀ ਬਾਹਰ ਵੇਚ ਸਕਦਾ ਹੈ। ਪੰਜਾਬ 'ਚ ਇਸ ਡੈਮ ਤੋਂ ਨਿਕਲਣ ਵਾਲੀ ਨਹਿਰ ਤੋਂ 5.5 ਲੱਖ ਹੈਕਟੇਅਰ ਜ਼ਮੀਨ ਦੀ ਸਿੰਚਾਈ ਹੋਵੇਗੀ ਜਿਸ 'ਚੋਂ 1.18 ਲੱਖ ਹੈਕਟਅਰ 'ਤੇ ਤਿੰਨ ਫ਼ਸਲਾਂ ਲੈਣ ਵਾਲੀ ਭਰਪੂਰ ਸਿੰਚਾਈ ਹੋ ਸਕੇਗੀ। ਇਹ ਸਿੰਚਾਈ ਏਰੀਆ 4 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਤਰਨ ਤਾਰਨ ਤੇ ਅੰਮ੍ਰਿਤਸਰ 'ਚ ਪੈਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।